ਚੰਡੀਗੜ੍ਹ: ਭਾਜਪਾ-ਪੰਜਾਬ ਲੋਕ ਕਾਂਗਰਸ (BJP-PLC alliance) ਅਤੇ ਅਕਾਲੀ ਦਲ ਸੰਯੁਕਤ ਵਿਚਾਲੇ ਗਠਜੋੜ ਦਾ ਸੀਟ ਸ਼ੇਅਰ ਮੁੜ ਸੈਟ ਹੋਇਆ ਹੈ, ਜਿਸ ਨਾਲ ਭਾਜਪਾ ਦੇ ਖਾਤੇ ਦੀਆਂ ਸੀਟਾਂ ਵਧ ਗਈਆਂ ਹਨ। ਪੰਜਾਬ ਲੋਕ ਕਾਂਗਰਸ ਨੇ ਆਪਣੇ ਖਾਤੇ ਦੀਆਂ ਤਿੰਨ ਹੋਰ ਸੀਟਾਂ ਭਾਜਪਾ ਨੂੰ ਦੇ ਦਿੱਤੀਆਂ ਹਨ ਤੇ ਇਸ ਨਾਲ ਹੁਣ ਪੀਐਲਸੀ ਜਿਥੇ 37 ਸੀਟਾਂ ’ਤੇ ਚੋਣ ਲੜਨ ਜਾ ਰਹੀ ਸੀ, ਉਥੇ ਹੁਣ ਇਸ ਪਾਰਟੀ ਦੇ ਚੋਣ ਨਿਸ਼ਾਨ ਹਾਕੀ ਬਾਲ ’ਤੇ ਸਿਰਫ 29 ਉਮੀਦਵਾਰ ਹੀ ਚੋਣ ਲੜਨਗੇ।
ਇਹ ਸੀਟਾਂ ਗਈਆਂ ਭਾਜਪਾ ਨੂੰ
ਜਿਹੜੀਆਂ ਨਵੀਆਂ ਤਿੰਨ ਸੀਟਾਂ ਭਾਜਪਾ ਨੂੰ ਮਿਲੀਆਂ ਹਨ (Three more seats gone to bjp), ਉਨ੍ਹਾਂ ਵਿੱਚ ਨਵਾਂ ਸ਼ਹਿਰ, ਜੀਰਾ ਅਤੇ ਰਾਜਾਸਾਂਸੀ ਸ਼ਾਮਲ ਹਨ। ਭਾਜਪਾ ਨੇ ਇਨ੍ਹਾਂ ਸੀਟਾਂ ’ਤੇ ਟਿਕਟਾਂ ਵੀ ਦੇ ਦਿੱਤੀਆਂ ਹਨ ਤੇ ਨਵਾਂ ਸ਼ਹਿਰ ਤੋਂ ਪੂਨਮ ਮਾਣਿਕ, ਜੀਰਾ ਤੋਂ ਅਵਤਾਰ ਸਿੰਘ ਜੀਰਾ ਅਤੇ ਰਾਜਾ ਸਾਂਸੀ ਤੋਂ ਮੁਖਵਿੰਦਰ ਸਿੰਘ ਮਾਹਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ ਤਿੰਨ ਸੀਟਾਂ ’ਤੇ ਭਾਜਪਾ ਦੇ ਉਮੀਦਵਾਰ ਉਤਰਨ ਨਾਲ ਹੁਣ ਗਠਜੋੜ ਦੇ ਕੁਲ 73 ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ਕਮਲ ’ਤੇ ਚੋਣ ਲੜਨਗੇ।
ਹੁਣ 73 ਉਮੀਦਵਾਰ ਲੜਨਗੇ ਕਮਲ ਨਿਸ਼ਾਨ ’ਤੇ
ਪੰਜਾਬ ਦੀਆਂ ਕੁਲ 117 ਸੀਟਾਂ ’ਤੇ ਭਾਜਪਾ-ਪੀਐਲਸੀ ਤੇ ਅਕਾਲੀ ਦਲ ਸੰਯੁਕਤ ਗਠਜੋੜ ਨੇ ਭਾਜਪਾ ਲਈ 65, ਪੀਐਲਸੀ ਲਈ 37 ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਿੱਸ਼ੇ 15 ਸੀਟਾਂ ਆਈਆਂ ਸੀ। ਇਸੇ ਦੌਰਾਨ ਪੀਐਲਸੀ ਨੇ ਜਦੋਂ ਉਮੀਦਵਾਰ ਖੜ੍ਹੇ ਕੀਤੇ ਤਾਂ ਸ਼ਹਿਰੀ ਸੀਟਾਂ ਤੋਂ ਚੋਣ ਮੈਦਾਨ ਵਿੱਚ ਲੜ ਰਹੇ ਪੀਐਲਸੀ ਦੇ ਕੁਝ ਉਮੀਦਵਾਰਾਂ ਨੇ ਆਵਾਜ ਚੁੱਕੀ ਕਿ ਨਵੀਂ ਪਾਰਟੀ ਹੋਣ ਕਰਕੇ ਪੀਐਲਸੀ ਦੇ ਚੋਣ ਨਿਸ਼ਾਨ ਹਾਕੀ ਬਾਲ ਨੂੰ ਸ਼ਹਿਰੀ ਸੀਟਾਂ ’ਤੇ ਕੋਈ ਨਹੀਂ ਜਾਣਦਾ, ਜਦੋਂਕਿ ਕਮਲ ਚੋਣ ਨਿਸ਼ਾਨ ਦੀ ਮੁਕੰਮਲ ਪਛਾਣ ਹੈ, ਲਿਹਾਜਾ ਉਨ੍ਹਾਂ ਨੂੰ ਭਾਜਪਾ ਦਾ ਚੋਣ ਨਿਸ਼ਾਨ ਅਲਾਟ ਕੀਤਾ ਜਾਵੇ ਤੇ ਇਸ ਕਾਰਨ ਪੀਐਲਸੀ ਦੇ ਪੰਜ ਉਮੀਦਵਾਰਾਂ ਨੂੰ ਆਪਸੀ ਸਹਿਮਤੀ ਨਾਲ ਇਹ ਚੋਣ ਨਿਸ਼ਾਨ ਦਿੱਤਾ ਗਿਆ ਸੀ।