ਚੰਡੀਗੜ੍ਹ: 16 ਮਾਰਚ ਨੂੰ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਗਮ (bhagwant maan's oath ceremony will be first ever expensive function) ਹੋਵੇਗਾ। ਮੋਟੇ ਤੌਰ 'ਤੇ ਦੇਖਿਆ ਜਾਵੇ ਤਾਂ ਇਸ ਸਮਾਰੋਹ 'ਤੇ ਸਰਕਾਰੀ ਅਤੇ ਗੈਰ-ਸਰਕਾਰੀ ਖਰਚੇ ਦੇ ਰੂਪ 'ਚ 10 ਕਰੋੜ ਰੁਪਏ ਤੱਕ ਖਰਚ ਕੀਤੇ ਜਾ ਸਕਦੇ ਹਨ। ਹੁਣ ਤੱਕ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਜ਼ਿਆਦਾਤਰ ਰਾਜ ਭਵਨ 'ਚ ਹੀ ਹੋਏ ਹਨ, ਜਿੱਥੇ ਕਾਫੀ ਘੱਟ ਖਰਚ ਵੀ ਆਉਂਦਾ ਹੈ। ਉੱਥੇ ਹੀ ਵਾਧੂ ਦੇ ਖਰਚਿਆਂ ਨੂੰ ਰੋਕਣ ਦੇ ਆਧਾਰ ਉੱਪਰ ਬਣੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਕਦਮ 'ਤੇ ਪੰਜਾਬ ਦੇ ਲੋਕ ਹੈਰਾਨ ਹੋ ਰਹੇ ਹਨ।
ਸਹੁੰ ਚੁੱਕ ਸਮਾਗਮ ਨੂੰ ਲੈਕੇ ਪੱਬਾਂ ਭਾਰ ਪ੍ਰਸ਼ਾਸਨ
ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਵੀਆਈਪੀਜ਼ ਅਤੇ ਆਮ ਲੋਕਾਂ ਦੇ ਦਾਖ਼ਲੇ ਲਈ 12 ਗੇਟ ਤਿਆਰ ਕੀਤੇ ਗਏ ਹਨ। ਸਮਾਗਮ ਵਿੱਚ ਦਿੱਲੀ ਸਮੇਤ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਵੱਡੇ ਆਗੂਆਂ ਦੇ ਹੈਲੀਕਾਪਟਰਾਂ ਲਈ ਚਾਰ ਹੈਲੀਪੈਡ ਬਣਾਏ ਗਏ ਹਨ। ਤਿੰਨ ਦਿਨਾਂ ਤੋਂ ਦਿਨ-ਰਾਤ ਲਾਉਣ ਤੋਂ ਬਾਅਦ ਖਟਕੜ ਕਲਾ ਮਾਰਗ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਪੈਚ ਵਰਕ ਮੁਕੰਮਲ ਕਰ ਲਿਆ ਗਿਆ ਹੈ। ਸਮਾਗਮ ਅਤੇ ਪਾਰਕਿੰਗ ਲਈ 150 ਏਕੜ ਜ਼ਮੀਨ ਲਈ ਗਈ ਹੈ, ਜਿਸ ਦੇ ਚੱਲਦੇ ਕਣਕ, ਸਰ੍ਹੋਂ, ਆਲੂ ਆਦਿ ਫ਼ਸਲਾਂ ਦੀ ਕਟਾਈ ਕੀਤੀ ਗਈ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜਿੰਨ੍ਹਾਂ ਕਿਸਾਨਾਂ ਦੀ ਜ਼ਮੀਨ ਲਈ ਗਈ ਹੈ, ਉਨ੍ਹਾਂ ਨੂੰ ਮਾਲ ਵਿਭਾਗ ਦੇ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ।
ਪੁਲਿਸ ਛਾਉਣੀ ਚ ਤਬੀਦਲ ਖਟਕੜ ਕਲਾਂ
ਸਮਾਗਮ ਦਾ ਆਲਾ ਦੁਆਲੇ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਮਾਗਮ ਦੇ ਨੇੜੇ ਵੱਡੇ ਪਰਦੇ ਲਾਏ ਗਏ ਹਨ ਅਤੇ ਖਟਕੜ ਕਲਾਂ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਬੈਰੀਕੇਡ ਲਾਏ ਗਏ ਹਨ। ਸਿਵਲ ਤੇ ਪੁਲਿਸ ਦੇ ਉੱਚ ਅਫਸਰ ਲਗਾਤਾਰ ਪ੍ਰਬੰਧਾਂ ਦਾ ਜਾਇਜ਼ਾ ਲੈ-ਰਹੇ ਹਨ। ਜਾਣਕਾਰੀ ਅਨੁਸਾਰ ਸਮਾਗਮ ਲਈ 30 ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਹੁੰ ਚੁੱਕ ਸਮਾਗਮ ਲਈ ਤਿੰਨ ਮੰਚ ਤਿਆਰ ਕੀਤੇ ਗਏ ਹਨ। ਜਿਸ ਦੇ ਚੱਲਦੇ ਇੱਕ ਮੰਚ ਉੱਪਰ ਸਹੁੰ ਚੁੱਕ ਸਮਾਗਮ ਹੋਵੇਗਾ।
ਮਹਿਮਾਨਾਂ ਲਈ ਕੀਤੇ ਖਾਸ ਪ੍ਰਬੰਧ
ਦੂਜੇ ਮੰਚ 'ਤੇ ਬਾਹਰੋਂ ਜਾਂ ਦਿੱਲੀ ਤੋਂ ਆਉਣ ਵਾਲੇ ਮਹਿਮਾਨਾਂ ਦੇ ਬੈਠਣ ਦੀ ਜਗ੍ਹਾ ਹੋਵੇਗੀ ਇਸਦੇ ਨਾਲ ਹੀ ਪੰਜਾਬ ਦੇ ਵਿਧਾਇਕ ਲਈ ਅਲੱਗ ਤੋਂ ਸਟੇਜਾਂ ਬਣਾਇਆ ਗਿਆ ਹੈ। ਸਮਾਗਮ ਵਿੱਚ ਦੋ ਲੱਖ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਬਸੰਤੀ ਦਸਤਾਰ ਅਤੇ ਬਸੰਤੀ ਦੁਪੱਟਾ ਪਾ ਕੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਸਾਰੇ ਛੋਟੇ-ਵੱਡੇ ਅਖਬਾਰਾਂ ਵਿੱਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਸਾਰੇ ਟੀਵੀ ਚੈਨਲਾਂ 'ਤੇ ਲਗਾਤਾਰ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।
ਕੈਪਟਨ ਨੇ 2017 ਚ ਮਹਿੰਗਾ ਸਮਾਮਮ ਕਰਨ ਤੋਂ ਕੀਤਾ ਸੀ ਇਨਕਾਰ
ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦਾ ਇਹ ਸਮਾਗਮ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਗਮ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2017 'ਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਹੁੰ ਚੁੱਕੀ ਸੀ ਪਰ ਉਨ੍ਹਾਂ ਨੇ ਇਹ ਕਹਿ ਕੇ ਸਮਾਗਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਪੰਜਾਬ 'ਤੇ ਵੱਡਾ ਕਰਜ਼ਾ ਹੈ, ਇਸ ਲਈ ਵੱਡੇ ਸਮਾਗਮ ਕਰਵਾਉਣੇ ਠੀਕ ਨਹੀਂ। ਇਸੇ ਲਈ ਉਨ੍ਹਾਂ ਨੇ ਰਾਜ ਭਵਨ ਵਿੱਚ ਹੀ ਮਾਮੂਲੀ ਖਰਚ ’ਤੇ ਸਹੁੰ ਚੁੱਕ ਸਮਾਗਮ ਕਰਵਾਇਆ। ਜੇਕਰ ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਹੋਏ ਸਹੁੰ ਚੁੱਕ ਸਮਾਗਮ ’ਤੇ ਨਜ਼ਰ ਮਾਰੀਏ ਤਾਂ ਫਰਵਰੀ 1997 ਵਿੱਚ ਪਹਿਲਾ ਸਹੁੰ ਚੁੱਕ ਸਮਾਗਮ ਕ੍ਰਿਕਟ ਸਟੇਡੀਅਮ ਮੁਹਾਲੀ ਵਿੱਚ ਹੋਇਆ ਸੀ, ਜਿਸ ’ਤੇ ਚਾਹ, ਪਾਣੀ ਅਤੇ ਸਨੈਕਸ ’ਤੇ ਇੱਕ ਲੱਖ ਤੋਂ ਵੱਧ ਖਰਚ ਕੀਤਾ ਗਿਆ ਸੀ।
ਅਕਾਲੀ ਭਾਜਪਾ ਸਰਕਾਰ ਵੇਲੇ ਕਿੰਨ੍ਹਾ ਖਰਚ ਹੋਇਆ ?
ਸਾਲ 2007 ਵਿੱਚ ਜਦੋਂ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਬਣੀ ਸੀ ਅਤੇ ਮਾਰਚ 2007 ਵਿੱਚ ਮੁਹਾਲੀ ਦੇ ਕ੍ਰਿਕਟ ਸਟੇਡੀਅਮ ਵਿੱਚ ਸਹੁੰ ਚੁੱਕ ਸਮਾਗਮ ਹੋਇਆ ਸੀ, ਤਾਂ ਇਸ ’ਤੇ 26 ਲੱਖ ਤੋਂ ਕੁਝ ਵੱਧ ਖਰਚ ਆਇਆ ਸੀ। ਬਾਅਦ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਬਣੇ ਤਾਂ ਜਨਵਰੀ 2009 ਵਿੱਚ ਅੰਮ੍ਰਿਤਸਰ ਵਿੱਚ ਕਰਵਾਏ ਸਮਾਗਮ ਵਿੱਚ ਖਰਚਾ 70 ਲੱਖ ਤੋਂ ਵੱਧ ਆਇਆ। ਇਸ ਤੋਂ ਬਾਅਦ ਵਿੱਚ ਸਾਲ 2012 ਵਿੱਚ ਮੁੜ ਅਕਾਲੀ ਦਲ ਭਾਜਪਾ ਦੀ ਸਰਕਾਰ ਬਣੀ ਅਤੇ ਮਾਰਚ 2012 ਵਿੱਚ ਚੱਪੜਚਿੜੀ ਵਿੱਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਇਸ ਸਮਾਗਮ ’ਤੇ 91 ਲੱਖ ਤੋਂ ਵੱਧ ਖਰਚ ਕੀਤੇ ਗਏ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਜਦੋਂ ਚਰਨਜੀਤ ਸਿੰਘ ਚੰਨੀ ਨੇ ਰਾਜ ਭਵਨ ਵਿਖੇ ਸਹੁੰ ਚੁੱਕੀ ਤਾਂ ਉਸ ਸਮਾਰੋਹ 'ਤੇ 18 ਲੱਖ ਰੁਪਏ ਖਰਚ ਕੀਤੇ ਗਏ ਸਨ। ਖਾਸ ਗੱਲ ਇਹ ਹੈ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜ਼ਿਆਦਾਤਰ ਸਹੁੰ ਚੁੱਕ ਸਮਾਗਮ ਚੰਡੀਗੜ੍ਹ ਦੇ ਰਾਜ ਭਵਨ 'ਚ ਹੀ ਹੋਏ ਹਨ।
ਕਿਉਂ ਉੱਠੀਆਂ ਆਪ ਤੇ ਉੱਗਲਾਂ ?
ਇੱਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਸਹੁੰ ਚੁੱਕ ਸਮਾਗਮ ਲਈ 2 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਜੇਕਰ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਅਤੇ ਹੋਰ ਸਮਾਗਮਾਂ ’ਤੇ ਕੀਤੇ ਗਏ ਖਰਚ ਨੂੰ ਦੇਖੀਏ ਤਾਂ ਇਹ ਰਕਮ ਕਾਫੀ ਵੱਧ ਜਾਂਦੀ ਹੈ। ਇਸ ਸਮਾਗਮ ਵਿੱਚ ਸਰਕਾਰੀ ਖਰਚੇ ਤੋਂ ਇਲਾਵਾ ਸੂਬੇ ਭਰ ਤੋਂ ਲੋਕ ਨਿੱਜੀ ਖਰਚੇ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ, ਜਿਸ ਵਿੱਚ ਵਾਹਨਾਂ ਦਾ ਖਰਚਾ ਅਤੇ ਹੋਰ ਖਰਚਾ ਵੱਖਰੇ ਤੌਰ ’ਤੇ ਹੋਵੇਗਾ।
16 ਮਾਰਚ ਦੇ ਸਮਾਗਮ ਲਈ ਮੀਡੀਆ ਵਿੱਚ ਕੀਤੀ ਗਈ ਅਪੀਲ ਤੇ 85 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿੱਤ ਤੋਂ ਬਾਅਦ ਵਿਧਾਇਕਾਂ ਦੀ ਪਹਿਲੀ ਮੀਟਿੰਗ ਮੁਹਾਲੀ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਹੋਈ ਸੀ, ਉਦੋਂ ਹੀ ਲੋਕਾਂ ਦੀਆਂ ਉੱਗਲਾਂ ਆਮ ਆਦਮੀ ਪਾਰਟੀ ਵੱਲ ਉੱਠਣ ਲੱਗੀਆਂ ਸਨ।
ਇਹ ਵੀ ਪੜ੍ਹੋ:ਮਹਿਲਾ ਸਪੀਕਰ ਬਣਾ ਕੇ ਇੱਕ ਹੋਰ ਇਤਿਹਾਸ ਰਚੇਗੀ ਆਪ !