ਚੰਡੀਗੜ੍ਹ: ਕੋਵਿਡ-19 ਦੇ ਮਹਾਂਮਾਰੀ ਦੇ ਮੱਦੇਨਜ਼ਰ ਅਤੇ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੇ ਇੱਕ ਨਵੇਂ ਸਥਾਨ 'ਤੇ ਫ਼ੌਜ 'ਚ ਭਰਤੀ ਰੈਲੀ ਕਰਵਾਉਣ ਲਈ ਫ਼ੌਜੀ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਹੈ। ਇਸ ਸਾਲ, ਫ਼ੌਜ 'ਚ ਭਰਤੀ ਰੈਲੀ 7 ਦਸੰਬਰ ਤੋਂ 22 ਦਸੰਬਰ ਤੱਕ ਏਐਸ ਕਾਲਜ ਕਲਾਲ ਮਾਜਰਾ, ਖੰਨਾ (ਲੁਧਿਆਣਾ) ਵਿਖੇ ਕੀਤੀ ਜਾ ਰਹੀ ਹੈ। ਇਹ ਭਰਤੀ ਰੈਲੀ ਵਿਸ਼ੇਸ਼ ਤੌਰ 'ਤੇ ਮੋਗਾ, ਰੂਪਨਗਰ, ਐਸ.ਏ.ਐਸ.ਨਗਰ (ਮੁਹਾਲੀ) ਅਤੇ ਲੁਧਿਆਣਾ ਜ਼ਿਲ੍ਹਿਆਂ ਨਾਲ ਸਬੰਧਤ ਨੌਜਵਾਨਾਂ ਲਈ ਕਰਵਾਈ ਜਾ ਰਹੀ ਹੈ।
ਰੈਲੀ ਵਿੱਚ ਹਿੱਸਾ ਲੈਣ ਲਈ ਕੋਵਿਡ-19 ਮੁਕਤ ਸਬੰਧੀ ਸਰਟੀਫ਼ਿਕੇਟ ਅਤੇ ਨੋ-ਰਿਸਕ ਸਰਟੀਫ਼ਿਕੇਟ ਜ਼ਰੂਰੀ
ਭਰਤੀ ਕੈਂਪ ਨੂੰ ਢੁਕਵੇਂ ਸੁਰੱਖਿਆ ਮਾਪਦੰਡਾਂ ਨਾਲ ਸੁਚਾਰੂ ਢੰਗ ਨਾਲ ਚਲਾਉਣ ਲਈ, ਸਾਰੇ ਉਮੀਦਵਾਰਾਂ ਨੂੰ ਰੈਲੀ ਵਾਲੀ ਥਾਂ 'ਤੇ ਰਿਪੋਰਟਿੰਗ ਤੋਂ ਪਹਿਲਾਂ ਕੋਵਿਡ-19 ਮੁਕਤ/ਲੱਛਣ ਨਾ ਹੋਣ ਸਬੰਧੀ ਸਰਟੀਫ਼ਿਕੇਟ ਅਤੇ ਨੋ-ਰਿਸਕ ਸਰਟੀਫਿਕੇਟ ਦੇਣਾ ਹੋਵੇਗਾ।