ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ (Aman Arora) ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਵਾਪਰੀ ਇੱਕ ਨੌਜਵਾਨ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੀ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਹਮਣੇ ਸੂਬੇ ਦੀ ਕਾਨੂੰਨ ਵਿਵਸਥਾ ਇੱਕ ਵੱਡੀ ਚੁਣੌਤੀ ਹੈ, ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਅਜਿਹੀਆਂ ਸੱਤ ਹਜ਼ਾਰ ਤੋਂ ਜ਼ਿਆਦਾ ਘਟਨਾਵਾਂ ਵਾਪਰ ਚੁੱਕੀਆਂ ਹਨ। ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਦਿਨ ਦਿਹਾੜੇ ਅਗਵਾ ਅਤੇ ਫਿਰੌਤੀ ਮੰਗਣ ਜਿਹੀਆਂ ਮਾੜੀਆਂ ਘਟਨਾਵਾਂ ਬਿਹਾਰ ਅਤੇ ਉਤਰ ਪ੍ਰਦੇਸ਼ ਦੀ ਤਰਾਂ ਦਿਨੋ ਦਿਨ ਵੱਧ ਰਹੀਆਂ ਹਨ।
ਹੁਸ਼ਿਆਰਪੁਰ ਘਟਨਾ ਹੈ ਸੂਬੇ ਦਾ ਆਇਨਾ
ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਘਟਨਾ ਨੇ ਮੁੱਖ ਮੰਤਰੀ ਚੰਨੀ ਨੂੰ ਪੰਜਾਬ ਦੀ ਸਚਾਈ ਤੋਂ ਜਾਣੂੰ ਕਰਾ ਦਿੱਤਾ ਹੈ। ਇਸ ਲਈ ਮੁੱਖ ਮੰਤਰੀ ਨੂੰ ਅਪੀਲ ਹੈ ਕਿ ਅਪਰਾਧ ਅਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਕਿਸੇ ਯੋਗ ਮੰਤਰੀ ਨੂੰ ਦਿੱਤੀ ਜਾਵੇ ਅਤੇ ਸੂਬੇ ਦਾ ਪੁਲੀਸ ਮੁੱਖੀ ਕਿਸੇ ਕਾਬਿਲ ਅਧਿਕਾਰੀ ਨੂੰ ਬਣਾਇਆ ਜਾਵੇ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਦਸ ਸਾਲ ਬਾਦਲ ਸਰਕਾਰ ਅਤੇ ਬੀਤੇ ਸਾਢੇ ਚਾਰ ਸਾਲ ਵਿੱਚ ਕੈਪਟਨ ਸਰਕਾਰ ਵਿੱਚ ਕਾਨੂੰਨ ਵਿਵਸਥਾ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੀ ਗਈ ਹੈ ਕਿਉਂਕਿ ਗ੍ਰਹਿ ਵਿਭਾਗ ਨੂੰ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਕੋਲ ਰੱਖਿਆ, ਪਰ ਆਪਣਾ ਪੂਰਾ ਧਿਆਨ ਪੰਜਾਬ ਨੂੰ ਲੁੱਟਣ ਅਤੇ ਮਾਫ਼ੀਆ ਰਾਜ ਚਲਾਉਣ ਵਿੱਚ ਲਾਈ ਰੱਖਿਆ। ਫਿਰ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲ ਮੁੱਖ ਮੰਤਰੀ ਰਹੇ, ਪਰ ਉਹ ਵੀ ਫ਼ਾਰਮ ਹਾਊਸ ਤੋਂ ਬਾਹਰ ਨਹੀਂ ਨਿਕਲੇ।
ਗ੍ਰਹਿ ਮੰਤਰੀ ਦਾ ਏਜੰਡਾ ਸਾਫ ਹੁੰਦਾ ਤਾਂ ਨਾ ਵਿਗੜਦੀ ਕਾਨੂੰਨ ਵਿਵਸਥਾ
‘ਆਪ‘ ਆਗੂ ਨੇ ਕਿਹਾ ਕਿ ਜੇਕਰ ਇਨਾਂ ਗ੍ਰਹਿ ਮੰਤਰੀਆਂ ਦੇ ਏਜੰਡੇ 'ਤੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਹੁੰਦੀ ਤਾਂ ਸੂਬੇ ਵਿੱਚ ਕਾਨੂੰਨ ਵਿਵਸਥਾ ਇਸ ਕਦਰ ਕਮਜ਼ੋਰ ਨਾ ਹੁੰਦੀ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੀ ਤਰਜ 'ਤੇ ਕਾਂਗਰਸ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਥੱਲੇ ਤੋਂ ਉਪਰ ਤੱਕ ਜਿਸ ਤਰਾਂ ਸਿੱਧੇ ਤੌਰ 'ਤੇ ਰਾਜਨੀਤਿਕ ਦਖ਼ਲਅੰਦਾਜ਼ੀ ਰਹੀ, ਉਸ ਨੇ ਪੁਲੀਸ ਪ੍ਰਸ਼ਾਸਨ ਨੂੰ ਕਾਨੂੰਨ ਅਨੁਸਾਰ ਕੰਮ ਨਹੀਂ ਕਰਨ ਦਿੱਤਾ। ਪਹਿਲਾਂ ਅਕਾਲੀ 'ਜਥੇਦਾਰ' ਪੁਲਿਸ ਥਾਣਿਆਂ ਨੂੰ ਠੇਕੇ 'ਤੇ ਚਾੜ੍ਹ ਕੇ ਰੱਖਦੇ ਸਨ, ਉਸੇ ਤਰਜ਼ 'ਤੇ ਕਾਂਗਰਸੀਆਂ ਨੇ ਵੀ ਪੁਲਿਸ ਥਾਣਿਆਂ ਨੂੰ ਠੇਕੇ 'ਤੇ ਚਲਾ ਕੇ ਰੱਖਿਆ। ਇਸ ਕਰਕੇ ਪੁਲਿਸ ਦਾ ਮਨੋਬਲ ਬਿਲਕੁੱਲ ਡਿੱਗ ਚੁੱਕਾ ਹੈ ਅਤੇ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੋ ਗਏ।
ਗੰਭੀਰ ਅਪਰਾਧਾਂ ਵਿੱਚ ਹੋਇਆ ਵਾਧਾ
ਅਰੋੜਾ ਨੇ ਕਿਹਾ ਕਿ ਇਨਾਂ ਕਾਰਨਾਂ ਕਰਕੇ ਪੰਜਾਬ ਵਿੱਚ ਗੰਭੀਰ ਅਪਰਾਧਾਂ ਵਿੱਚ ਵਾਧਾ ਹੋਇਆ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਵੀ ਜ਼ਿਆਦਾ ਬੁਰੀ ਹੋ ਚੁੱਕੀ ਹੈ। ਜਿਸ ਦੇ ਲਈ ਬਾਦਲ, ਭਾਜਪਾ ਅਤੇ ਕਾਂਗਰਸ ਪੂਰੀ ਤਰਾਂ ਨਾਲ ਜ਼ਿੰਮੇਵਾਰ ਹਨ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਬੀਤੇ ਸਾਢੇ ਚਾਰ ਸਾਲਾਂ ਵਿੱਚ ਅਗਵਾ ਕਰਨ ਦੀਆਂ 7139 ਘਟਨਾਵਾਂ ਵਾਪਰ ਚੁੱਕੀਆਂ ਹਨ।