ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਨੂੰ ਵੱਡੀ ਉਮੀਦ ਸੀ ਕਿ ਸ਼ਾਇਦ ਪਾਰਟੀ ਸਰਕਾਰ ਬਣਾ ਲਏਗੀ ਪਰ ਅਜਿਹਾ ਨਹੀਂ ਹੋਇਆ। ਮਾਲਵੇ ਵਿੱਚ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਪਰ ਦੋਆਬੇ ਅਤੇ ਮਾਝੇ ਵਿੱਚ ਪਾਰਟੀ ਜਲਵਾ ਨਹੀਂ ਵਿਖਾ ਸਕੀ। ਲੋਕਸਭਾ ਚੋਣਾਂ 2014 ਵਿੱਚ ਪਾਰਟੀ ਦੀਆਂ ਚਾਰ ਸੀਟਾਂ ’ਤੇ ਜਿੱਤ ਦੇ ਅਧਾਰ ’ਤੇ ਰਾਜਨੀਤਕ ਪੰਡਤ ਅੰਦਾਜਾ ਲਗਾ ਰਹੇ ਸੀ ਕਿ ਆਮ ਆਦਮੀ ਪਾਰਟੀ 2017 ਦੀਆਂ ਚੋਣਾਂ ਵਿੱਚ ਘੱਟੋ-ਘੱਟ 37 ਸੀਟਾਂ ਜਿੱਤੇਗੀ ਪਰ ਇਹ 20 ਸੀਟਾਂ ’ਤੇ ਸਿਮਟ ਗਈ ਤੇ ਮਾਝੇ ਵਿੱਚ ਉੱਕਾ ਹੀ ਸਫਾਇਆ ਹੋ ਗਿਆ (AAP was Zero in Majha during 2017 election)।
ਮੁੱਢ ਬੱਝਣ ਵਾਲੇ ਹੀ ਨਹੀਂ ਸੀ ਨਾਲ
ਆਮ ਆਦਮੀ ਪਾਰਟੀ ਦੀ ਮਾਝੇ ਵਿੱਚ ਹਾਰ ਦਾ ਵੱਡਾ ਕਾਰਣ ਇਹ ਵੀ ਰਿਹਾ ਸੀ ਕਿ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਤ ਸੁੱਚਾ ਸਿੰਘ ਛੋਟੇਪੁਰ (Sucha Singh Chhotepur news) ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਪ੍ਰਧਾਨ ਬਣਾਇਆ ਸੀ ਪਰ ਵਿਧਾਨ ਸਭਾ ਚੋਣਾਂ 2017 ਤੋਂ ਠੀਕ ਪਹਿਲਾਂ ਉਨ੍ਹਾਂ ’ਤੇ ਇਲਜਾਮ ਲਗਾ ਕੇ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਾਰਟੀ ਨੇ ਇਸੇ ਖੇਤਰ ਤੋਂ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ (Gurpreet Ghughi news) ਨੂੰ ਪ੍ਰਧਾਨ ਬਣਾਇਆ ਪਰ ਉਸ ਨੂੰ ਵੀ ਛੇਤੀ ਹੀ ਬਦਲ ਦਿੱਤਾ ਗਿਆ। ਦੂਜੇ ਪਾਸੇ ਇਸ ਦੌਰਾਨ ਕਾਂਗਰਸ ਨੇ ਵੱਖ-ਵੱਖ ਖੇਤਰਾਂ ਵਿਚ ਜਿੱਤ ਹਾਸਲ ਕੀਤੀਆਂ ਸੀ। ਕਾਂਗਰਸ ਨੇ ਨਾ ਸਿਰਫ ਮਾਲਵਾ ਖੇਤਰ ਵਿਚ ਹੂੰਝਾ ਫੇਰਿਆ ਸਗੋਂ ਪਾਰਟੀ ਨੇ ਮਾਝਾ ਖੇਤਰ ਵਿਚ ਸੀਟਾਂ ਜਿੱਤਣ ਦੀ ਚੁਣੌਤੀ ਨੂੰ ਪਾਰ ਕਰ ਲਿਆ ਸੀ। ਕਾਂਗਰਸ ਨੇ ਮਾਝੇ ਦੀਆਂ 25 ਵਿੱਚੋਂ 23 ਸੀਟਾਂ ਜਿੱਤੀਆਂ ਸੀ। ਕਾਂਗਰਸ ਦੀ ਜਿੱਤ ਇਸ ਪੱਖੋਂ ਵੀ ਇਤਿਹਾਸਕ ਰਹੀ ਸੀ ਕਿ ਪਾਰਟੀ ਨੇ ਦਸ ਸਾਲ ਦੀ ਜਲਾਵਤਨੀ ਤੋਂ ਬਾਅਦ ਵਾਪਸੀ ਕੀਤੀ ਸੀ।
ਕਾਂਗਰਸ ਦੀ ਹੋਈ ਸੀ ਵੱਡੀ ਜਿੱਤ
ਪੰਜਾਬ ਨੂੰ ਰਵਾਇਤੀ ਤੌਰ 'ਤੇ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ; ਮਾਲਵਾ, ਮਾਝਾ ਅਤੇ ਦੁਆਬਾ। ਜਦੋਂ ਕਿ ਮਾਲਵਾ 68 ਹਲਕਿਆਂ ਵਾਲਾ ਸਭ ਤੋਂ ਵੱਡਾ ਹਿੱਸਾ ਬਣਿਆ ਹੋਇਆ ਹੈ, ਜਦੋਂ ਕਿ ਦੋਆਬਾ ਅਤੇ ਮਾਝਾ ਕ੍ਰਮਵਾਰ 23 ਅਤੇ 25 ਸੀਟਾਂ ਹਨ। ਮਾਲਵੇ 'ਚ 2012 ਦੌਰਾਨ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਕਾਂਗਰਸ (Punajb Congress news) ਸੂਬੇ 'ਤੇ ਰਾਜ ਨਹੀਂ ਕਰ ਸਕੀ। ਉਸ ਵੇਲੇ ਮਾਝੇ ਵਿੱਚ ਕਾਂਗਰਸ ਨੇ ਸਿਰਫ 8 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਜਦਕਿ ਅਕਾਲੀ ਦਲ-ਭਾਰਤੀ ਜਨਤਾ ਗਠਜੋੜ ਨੇ ਇਸ ਖੇਤਰ 'ਚ 18 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
ਰਾਜਨੀਤਿਕ ਸਥਿਤੀ
ਰਾਜ ਦੀ ਧਾਰਮਿਕ ਰਾਜਧਾਨੀ, ਅੰਮ੍ਰਿਤਸਰ ਇਕੱਲੇ 11 ਸੀਟਾਂ ਦਾ ਯੋਗਦਾਨ ਪਾਉਂਦਾ ਹੈ ਜਦੋਂ ਕਿ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਵਿੱਚ ਕ੍ਰਮਵਾਰ 7, 3 ਅਤੇ 4 ਹਲਕੇ ਸ਼ਾਮਲ ਹਨ। ਮਾਝਾ ਖੇਤਰ ਵਿੱਚ ਚਾਰ ਵੱਡੇ ਜ਼ਿਲ੍ਹੇ ਸ਼ਾਮਲ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਤਰਨਤਾਰਨ ਸ਼ਾਮਲ ਹਨ। ਮਾਝੇ ਵਿੱਚ 2017 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਹਾਸਲ ਨਹੀਂ ਹੋਈ ਸੀ। ਉਸ ਵੇਲੇ ਪਾਰਟੀ ਨੂੰ ਖੜ੍ਹਾ ਕਰਨ ਵਾਲੇ ਆਗੂ ਸੁੱਚਾ ਸਿੰਘ ਛੋਟੇਪੁਰ ਪਾਰਟੀ ਦੇ ਨਾਲ ਨਹੀਂ ਰਹੇ ਤੇ ਕੁਝ ਮਹੀਨੇ ਪਹਿਲਾਂ ਤੱਕ ਮਾਝੇ ਵਿੱਚ ਆਮ ਆਦਮੀ ਪਾਰਟੀ ਕੋਲ ਵੱਡਾ ਚਿਹਰਾ ਹੀ ਨਹੀਂ ਸੀ।
ਸੇਖਵਾਂ ਵੀ ਨਹੀਂ ਰਹੇ
ਮਾਝੇ ਵਿੱਚ ‘ਆਪ’ ਕੋਲ ਕੋਈ ਵੱਡਾ ਆਗੂ ਨਹੀਂ ਸੀ ਤੇ ਕੁਝ ਸਮਾਂ ਪਹਿਲਾਂ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਨੇ ਨਾਲ ਰਲਾਇਆ ਸੀ ਤੇ ਹੁਣ ਉਨ੍ਹਾਂ ਦਾ ਸਵਰਗਵਾਸ ਹੋ ਚੁੱਕਾ ਹੈ। ਪਾਰਟੀ ਕੋਲ ਦੂਜਾ ਵੱਡਾ ਚਿਹਰਾ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਕਰਨ ਵਾਲੇ ਸੇਵਾਮੁਕਤ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਮੰਨਿਆ ਜਾ ਸਕਦਾ ਹੈ। ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ ਤੇ ਸੇਵਾ ਸਿੰਘ ਸੇਖਵਾਂ ਦੇ ਬੇਟੇ ਵੀ ਉਮੀਦਵਾਰ ਹਨ।