ਅੰਮ੍ਰਿਤਸਰ: ਕੋਰੋਨਾ ਕਾਰਨ ਪੰਜਾਬ ਵਿੱਚ ਸਾਰੇ ਧਾਰਮਿਕ, ਸਮਾਜਿਕ ਅਦਾਰੇ ਅਤੇ ਸਕੂਲ, ਯੂਨੀਵਰਸਿਟੀਆਂ ਬੰਦ ਹਨ, ਪਰ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੁੱਲ੍ਹਣ ਵਿੱਚ ਕਾਫ਼ੀ ਕਾਹਲੀ ਦਿਖਾਈ ਦਿੱਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਵਾਰ-ਵਾਰ ਕੇਂਦਰ ਸਰਕਾਰ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕੁੱਝ ਸੂਝਵਾਨਾਂ ਵੱਲੋਂ ਕਰਫ਼ਿਊ ਮੌਕੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਕਰਕੇ ਸਰਕਾਰ 'ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ।
ਲੋਕ ਇਨਸਾਫ਼ ਪਾਰਟੀ ਧਾਰਮਿਕ ਵਿੰਗ ਦੇ ਸੂਬਾ ਇੰਚਾਰਜ ਜਗਜੋਤ ਸਿੰਘ ਖ਼ਾਲਸਾ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ 'ਚ ਸ਼ਰਾਬ ਦੇ ਠੇਕੇ ਖੋਲਣ ਵਿੱਚ ਦਿਲਚਸਪੀ ਦਿਖਾਈ ਜਾ ਰਹੀ ਹੈ ਜੋ ਕਿ ਅਫ਼ਸੋਸਜਨਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂ, ਪੀਰਾਂ, ਸੂਰਬੀਰ, ਯੋਧਿਆਂ ਦੀ ਧਰਤੀ ਹੈ ਇਸ ਲਈ ਇੱਥੇ ਨਸ਼ੇ ਬੰਦ ਹੋਣੇ ਹੀ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਮੰਨਣਾ ਹੈ ਕਿ ਪੰਜਾਬ ਦੀ ਆਮਦਨ ਸ਼ਰਾਬ ਦੇ ਠੇਕਿਆਂ ਤੋਂ ਮਿਲਦੀ ਹੈ।