ਅੰਮ੍ਰਿਤਸਰ : ਸ਼ਹਿਰ ਵਿੱਚ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਦੇ ਘਰ ਜਬਰਨ ਵੜ੍ਹ ਕੇ ਚੋਰੀ ਕਰਨ ਅਤੇ ਜ਼ਰੂਰੀ ਕਾਗਜ਼ਾਤ ਗਾਇਬ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਦਿਨ-ਦਿਹਾੜੇ ਪਤੀ ਨੇ ਪਤਨੀ ਦੇ ਘਰ ਪਾਇਆ ਡਾਕਾ - Amritsar
ਅੰਮ੍ਰਿਤਸਰ 'ਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਘਰ ਜਬਰਨ ਵੜ੍ਹ ਕੇ ਚੋਰੀ ਕੀਤੀ। ਚੋਰੀ ਬਾਰੇ ਜਾਣਕਾਰੀ ਮਿਲਦੇ ਹੀ ਪੀੜਤ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।
ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2011 ਵਿੱਚ ਹੋਇਆ ਸੀ। ਜਿਸ ਕਾਲੇਜ ਵਿੱਚ ਉਹ ਪੜ੍ਹਾਉਂਦੀ ਸੀ ਉਥੇ ਹੀ ਉਸ ਦਾ ਪਤੀ ਵਿਦਿਆਰਥੀ ਸੀ। ਉਸ ਨੇ ਦੱਸਿਆ ਕਿ ਉਸ ਦਾ ਪਹਿਲਾਂ ਵੀ ਇੱਕ ਵਿਆਹ ਹੋ ਚੁੱਕਾ ਹੈ ਅਤੇ ਪਹਿਲੇ ਪਤੀ ਕੋਲੋਂ ਤਲਾਕ ਤੋਂ ਬਾਅਦ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਪਰ ਉਸ ਦੇ ਪਤੀ ਸਾਹਿਲ ਦੇ ਪਰਿਵਾਰ ਨੇ ਉਸ ਦੇ ਮਾਤਾ -ਪਿਤਾ ਨੂੰ ਮੰਨਾ ਕੇ ਵਿਆਹ ਲਈ ਰਾਜ਼ੀ ਕਰ ਲਿਆ। ਵਿਆਹ ਤੋਂ ਇੱਕ ਸਾਲ ਬਾਅਦ ਉਨ੍ਹਾਂ ਦੇ ਘਰ ਬੇਟੀ ਪੈਦਾ ਹੋਈ ਪਰ ਉਸ ਦਾ ਪਤੀ ਬੇਟੇ ਦੀ ਚਾਹ ਰੱਖਦਾ ਸੀ। ਇਸ ਲਈ ਉਸ ਨੇ ਤਲਾਕ ਲੈਂਣ ਦੀ ਗੱਲ ਕਹੀ। ਪੀੜਤਾ ਅਤੇ ਉਸ ਦੇ ਪਤੀ ਦਾ ਤਲਾਕ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ। ਬੀਤੇ ਦਿਨ ਸਾਹਿਲ ਆਪਣੇ ਨਾਲ ਕੁਝ ਲੋਕਾਂ ਨੂੰ ਨਾਲ ਲੈ ਕੇ ਆਇਆ ਅਤੇ ਜਬਰਨ ਉਨ੍ਹਾਂ ਦੇ ਘਰ ਵੜ੍ਹ ਕੇ ਉਸ ਦੇ ਗਹਿਣੇ ਸਮੇਤ ਜ਼ਰੂਰੀ ਕਾਗਜ਼ਾਤ ਨਾਲ ਲੈ ਗਿਆ ਹੈ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਨੀਰੂ ਅਤੇ ਉਸ ਦੇ ਮਾਤਾ ਪਿਤਾ ਘਰ ਨਹੀਂ ਸਨ ਘਰ ਵਿੱਚ ਉਨ੍ਹਾਂ ਦੀ ਕੰਮਵਾਲੀ ਇਕਲੀ ਸੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤਾ ਦੀ ਸ਼ਿਕਾਇਅਤ ਉੱਤੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ । ਜਾਂਚ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।