ਅੰਮ੍ਰਿਤਸਰ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਜਿਥੇ ਇੱਕ ਪਾਸੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉਥੇ ਹੀ ਦੂਜੇ ਪਾਸੇ ਕੋਰੋਨਾ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਉੱਡ ਰਹੀਆਂ ਹਨ।
ਸਰਕਾਰੀ ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਦਾ ਸਹੀ ਇਲਾਜ ਨਾ ਹੋਣਾ, ਉਨ੍ਹਾਂ ਨੂੰ ਚੰਗਾ ਖਾਣਾ, ਪੀਣਯੋਗ ਪਾਣੀ ਦੀ ਸਹੂਲਤਾਂ ਨਾ ਮਿਲਣਾ, ਸਰਕਾਰ ਤੇ ਸਿਹਤ ਵਿਭਾਗ 'ਤੇ ਕੋਰੋਨਾ ਵਾਇਰਸ ਸਬੰਧੀ ਲੋਕਾਂ 'ਚ ਦਹਿਸ਼ਤ ਫੈਲਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਇਹ ਅਫਵਾਹਾਂ ਤੇਜ਼ੀ ਨਾਲ ਫੈਲ ਰਹੀਆਂ ਹਨ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਲੋਕਾਂ ਨੂੰ ਅਜਿਹੀਆਂ ਭਰਮਾਓ ਗੱਲਾਂ ਤੇ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕੋਰੋਨਾ ਵਾਇਰਸ ਦੇ ਲੱਛਣ, ਘਰ 'ਚ ਇਕਾਂਤਵਾਸ ਲਈ ਹਿਦਾਇਤਾਂ ਦਿੱਤੀਆਂ। ਉਨ੍ਹਾਂ ਵੱਖ-ਵੱਖ ਦਫਤਰਾਂ, ਯੂਨੀਵਰਸਿਟੀਆਂ ਨੂੰ ਆਪਣੇ ਅਦਾਰਿਆਂ 'ਚ ਕੋਵਿਡ ਸੈਂਟਰ ਬਣਾ ਕੇ ਟੈਸਟ ਕਰਨ ਸਬੰਧੀ ਜਾਣਕਾਰੀ ਦਿੱਤੀ।
ਕੋਰੋਨਾ ਵਇਰਸ ਸਬੰਧੀ ਅਫਵਾਹਾਂ ਤੋਂ ਬੱਚਣਾ ਜ਼ਰੂਰੀ ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ 4,149 ਲੋਕ ਕੋਰੋਨਾ ਪੌਜ਼ੀਟਿਵ ਆਏ ਹਨ। ਉਨ੍ਹਾਂ ਦੱਸਿਆ ਕਿ 796 ਕੇਸ ਐਕਟਿਵ ਹਨ, 172 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਇਨਾਂ ਚੋਂ 15 ਅਗਸਤ ਤੋਂ ਲੈ ਕੇ 1 ਸਤੰਬਰ ਤੱਕ 57 ਮੌਤਾਂ ਹੋਈਆਂ ਹਨ, ਅਤੇ ਮੌਤ ਦਰ 'ਚ ਵਾਧਾ ਹੋਇਆ ਹੈ।
ਡੀਸੀ ਨੇ ਦੱਸਿਆ ਕਿ ਸ਼ਹਿਰ ਦੇ ਕਈ ਪਿੰਡਾਂ 'ਚ ਲੋਕ ਸੋਸ਼ਲ ਮੀਡੀਆ 'ਤੇ ਅਫਵਾਹਾਂ ਤੇ ਭਰਮਾਓ ਗੱਲਾਂ 'ਚ ਆ ਰਹੇ ਹਨ। ਉਨ੍ਹਾਂ ਆਖਿਆ ਕਿ ਹੁਣ ਤੱਕ ਜ਼ਿਲ੍ਹੇ 'ਚ ਲਗਾਤਾਰ ਕੋਰੋਨਾ ਟੈਸਟ ਜਾਰੀ ਹਨ। ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਕੋਰੋਨਾ ਟੈਸਟ ਕਰ ਰਹੀਆਂ ਹਨ, ਪਰ ਲੋਕਾਂ ਵੱਲੋਂ ਉਨ੍ਹਾਂ 'ਤੇ ਹਮਲਾ ਕਰਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ 'ਚ ਲੋਕ ਕੋਰੋਨਾ ਟੈਸਟ ਕਰਨ ਤੋਂ ਬਚਦੇ ਹਨ ਤੇ ਬਾਅਦ ਵਿੱਚ ਜ਼ਿਆਦਾ ਤਬੀਅਤ ਖ਼ਰਾਬ ਹੋਣ 'ਤੇ ਹਸਪਤਾਲ ਆਉਂਦੇ ਹਨ। ਲੋਕਾਂ ਵੱਲੋਂ ਅਣਗਹਿਲੀ ਵਰਤਣ ਕਾਰਨ ਦੇਰੀ ਨਾਲ ਇਲਾਜ ਮਿਲਣ ਦੇ ਚਲਦੇ ਮੌਤ ਦਰਾਂ ਵੱਧ ਰਹੀਆਂ ਹਨ। ਕੋਵਿਡ ਸੈਂਟਰ 'ਚ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਕੋਰੋਨਾ ਮਰੀਜ਼ਾਂ ਦਾ ਚੰਗਾ ਇਲਾਜ ਕੀਤਾ ਜਾ ਰਿਹਾ ਹੈ ਤੇ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਡੀਸੀ ਨੇ ਕਿਹਾ ਕਿ ਮਰੀਜ਼ਾਂ ਨੂੰ ਖਾਣ-ਪੀਣ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ।
ਗੁਰਪ੍ਰੀਤ ਸਿੰਘ ਨੇ ਕਿਹਾ ਸਿਹਤ ਵਿਭਾਗ ਦੀ ਟੀਮ ਕੋਰੋਨਾ ਮਹਾਂਮਾਰੀ ਖਿਲਾਫ ਲੜਾਈ 'ਚ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਇੰਟਰਨੈਟ 'ਤੇ ਅਜਿਹੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਦੋਂ ਕਿ ਪੰਜਾਬ ਸਰਕਾਰ ਲੋਕਾਂ ਦੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸਾਨੂੰ ਅਫਵਾਹਾਂ ਤੋਂ ਬੱਚ ਕੇ ਕੋਰੋਨਾ ਵਾਇਰਸ ਤੋਂ ਬਚਾਅ ਦੇ ਉਪਾਅ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾ ਰਹੇ ਹਨ, ਜਾਂ ਜੋ ਲੋਕ ਅਜਿਹੇ ਮੈਸੇਜ਼ ਬਿਨ੍ਹਾਂ ਸੋਚੇ ਸਮਝੇ ਫਾਰਵਰਡ ਕਰ ਰਹੇ ਹਨ,ਉਹ ਸਾਈਬਰ ਅਪਰਾਧੀ ਮੰਨੇ ਜਾਣਗੇ। ਪੁਲਿਸ ਵੱਲੋਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਕੋਰੋਨਾ ਖਿਲਾਫ ਜਾਰੀ ਜੰਗ 'ਚ ਪੁਲਿਸ , ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਜਾਨਾਂ ਬਚਾਇਆਂ ਜਾ ਸਕਣ।