ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਾਬਾ ਸ਼ੇਖ ਫਰੀਦ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ।ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਹੈੱਡ ਗ੍ਰੰਥੀ ਹਰਮਿੱਤਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਮੰਜੀ ਸਾਹਿਬ ਵਿਖੇ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਭਾਈ ਕਾਰਜ ਸਿੰਘ ਦੇ ਜਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਭੋਗ ਉਪਰੰਤ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ।
ਉਨ੍ਹਾਂ ਦੱਸਿਆ ਕਿ ਬਾਬਾ ਸ਼ੇਖ਼ ਫ਼ਰੀਦ ਦਾ ਜਨਮ ਪਿੰਡ ਕੋਠੇਵਾਲ (ਮੁਲਤਾਨ) ਵਿਖੇ ਪਿਤਾ ਅਜ਼ੀਜ਼ੂਦੀਨ ਦੇ ਘਰ ਮਾਤਾ ਮਰੀਮ ਦੀ ਕੁੱਖੋਂ 1173 ਈਸਵੀ ਨੂੰ ਹੋਇਆ ਜਦੋਂ ਆਪ ਦੀ 18 ਮਹੀਨੇ ਦੇ ਹੋਏ ਤਾਂ ਪਿਤਾ ਜੀ ਚਲਾਣਾ ਕਰ ਗਏ।
ਮੁੱਢਲੀ ਸਿੱਖਿਆ ਆਪ ਜੀ ਦੀ ਮਾਤਾ ਨੇ ਦਿੱਤੀ। ਭਗਤ ਸੇਖ ਫਰੀਦ ਜੀ ਵੱਲੋਂ 8 ਸਾਲ ਦੀ ਉਮਰ ਵਿੱਚ ਕੁਰਾਨ ਕੰਠ ਕਰ ਲਈ। ਆਪ ਜੀ ਦੀ ਧਾਰਮਿਕ ਵਿੱਦਿਆ ਅਤੇ ਪ੍ਰਭੂ ਨਾਲ ਲੜ ਲਾਉਣ ਵਿੱਚ ਕੁਤਬੂਦੀਨ ਬਖਤਿਆਰ ਕਾਕੀ ਦਾ ਵਿਸ਼ੇਸ ਯੋਗਦਾਨ ਰਿਹਾ ਹੈ।ਬਾਬਾ ਫ਼ਰੀਦ ਜੀ ਆਪਣੇ ਸਲੋਕਾਂ ਰਾਹੀਂ ਕਹਿੰਦੇ ਹਨ ਕਿ ਜਿਸ ਵਿਅਕਤੀ ਦੇ ਮਨ ਵਿੱਚ ਸੱਚੇ ਪ੍ਰਭੂ ਦੀ ਇਬਾਦਤ ਹੈ, ਉਹ ਹੀ ਸੱਚਾ ਹੈ।
ਉੱਥੇ ਹੀ ਇਸ ਮੌਕੇ ਪੰਜਾਬ ਸਰਕਾਰ ਨੇ ਵੀ ਟਵੀਟ ਰਾਹੀਂ ਬਾਬਾ ਫ਼ਰੀਦ ਜੀ ਦੇ ਜਨਮ ਦਿਹਾੜੇ ਮੌਕੇ ਸੰਗਤ ਨੂੰ ਵਧਾਈ ਦਿੱਤੀ।