ਨਵੀਂ ਦਿੱਲੀ: ਸਤੰਬਰ ਮਹੀਨਾ ਖਤਮ ਹੋਣ 'ਚ ਸਿਰਫ 7 ਦਿਨ ਬਾਕੀ ਹਨ ਅਤੇ ਇਸ ਸਮੇਂ ਤੁਹਾਨੂੰ ਆਪਣੇ ਜ਼ਰੂਰੀ ਕੰਮ ਪੂਰੇ ਕਰ ਲੈਣੇ ਚਾਹੀਦੇ ਹਨ। ਸਭ ਤੋਂ ਅਹਿਮ ਕੰਮ 2000 ਰੁਪਏ ਦੇ ਨੋਟ ਨੂੰ ਵਾਪਸ ਕਰਨਾ ਹੈ। ਜੇਕਰ ਤੁਹਾਡੇ ਕੋਲ ਵੀ 2000 ਰੁਪਏ ਦੇ ਗੁਲਾਬੀ ਨੋਟ ਹਨ ਤਾਂ ਉਨ੍ਹਾਂ ਨੂੰ 30 ਸਤੰਬਰ ਤੱਕ ਬੈਂਕਾਂ 'ਚ ਜਮ੍ਹਾ ਕਰਵਾਓ। ਤੁਹਾਨੂੰ ਦੱਸ ਦੇਈਏ ਕਿ 30 ਸਤੰਬਰ ਨੋਟ ਵਾਪਸ ਕਰਨ ਦੀ ਆਖਰੀ ਤਰੀਕ ਹੈ। ਗੁਲਾਬੀ ਨੋਟਾਂ ਨੂੰ ਵਾਪਸ ਕਰਨ ਲਈ ਆਰਬੀਆਈ ਦੁਆਰਾ ਤੈਅ ਕੀਤੀ ਗਈ ਸਮਾਂ ਸੀਮਾ ਬਹੁਤ ਨੇੜੇ ਆ ਰਹੀ ਹੈ। (Last Date Of Return Rs 2000 Notes)
7 ਫੀਸਦੀ ਨੋਟ ਹਾਲੇ ਤੱਕ ਵਾਪਸ ਨਹੀਂ ਹੋਏ: ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀਆਂ ਨੇ ਇਨ੍ਹਾਂ ਨੋਟਾਂ ਦਾ ਲੈਣ-ਦੇਣ ਬੰਦ ਕਰ ਦਿੱਤਾ ਹੈ। ਆਰਬੀਆਈ ਨੇ 19 ਮਈ ਨੂੰ ਹੀ 2000 ਰੁਪਏ ਦੇ ਨੋਟ ਚਲਣ ਤੋਂ ਬਾਹਰ ਕਰ ਦਿੱਤੇ ਹਨ। ਬੈਂਕ ਰਾਹੀਂ ਇਨ੍ਹਾਂ ਨੋਟਾਂ ਨੂੰ ਵਾਪਸ ਕਰਨ ਦੀ ਆਖਰੀ ਮਿਤੀ 30 ਸਤੰਬਰ ਰੱਖੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 31 ਅਗਸਤ 2023 ਤੱਕ 93 ਫੀਸਦੀ ਨੋਟ RBI ਕੋਲ ਵਾਪਸ ਆ ਗਏ ਹਨ, ਪਰ 7 ਫੀਸਦੀ ਨੋਟ ਅਜੇ ਵੀ ਬਾਜ਼ਾਰ 'ਚ ਹਨ। ਲੋਕ ਇਨ੍ਹਾਂ 7 ਫੀਸਦੀ ਨੋਟਾਂ ਨੂੰ ਬੈਂਕਾਂ 'ਚ ਜਮ੍ਹਾ ਕਰਵਾਉਣ ਦੀ ਬਜਾਏ ਈ-ਕਾਮਰਸ ਪਲੇਟਫਾਰਮ ਜਾਂ ਕੁਝ ਦੁਕਾਨਾਂ 'ਤੇ ਕੈਸ਼ ਆਨ ਡਿਲੀਵਰੀ ਦੇ ਤੌਰ 'ਤੇ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ।