ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਮੰਗਲਵਾਰ ਨੂੰ ਦੱਸਿਆ ਕਿ ਖ਼ਾਸ ਟ੍ਰੇਨਾਂ ਦੇ ਲਈ ਹੁਣ ਤੱਕ 80 ਹਜ਼ਾਰ ਤੋਂ ਜ਼ਿਆਦਾ ਯਾਤਰੀਆਂ ਨੇ 16.15 ਕਰੋੜ ਰੁਪਏ ਦੀ 45,000 ਤੋਂ ਜ਼ਿਆਦਾ ਟਿਕਟਾਂ ਬੁੱਕ ਕੀਤੀਆਂ ਹਨ।
ਦਿੱਲੀ ਤੋਂ ਛੱਤੀਸਗੜ੍ਹ ਦੇ ਬਿਲਾਸਪੁਰ ਦੇ ਲਈ ਪਹਿਲੀ ਟ੍ਰੇਨ ਰਵਾਨਾ ਹੋਣ ਤੋਂ ਕੁੱਝ ਘੰਟੇ ਪਹਿਲਾਂ ਰੇਲਵੇ ਨੇ ਇਹ ਜਾਣਕਾਰੀ ਦਿੱਤੀ। ਇੰਨ੍ਹਾਂ ਵਿਸ਼ੇਸ਼ ਟ੍ਰੇਨਾਂ ਦੀ ਬੁਕਿੰਗ ਸੋਮਵਾਰ ਸ਼ਾਮ 6.00 ਵਜੇ ਸ਼ੁਰੂ ਹੋਈ ਸੀ। ਰੇਲਵੇ ਨੇ ਦੱਸਿਆ ਕਿ ਹਾਲੇ ਤੱਕ ਅਗਲੇ 7 ਦਿਨਾਂ ਦੇ ਲਈ 16.15 ਕਰੋੜ ਰੁਪਏ ਦੀ 45,533 (ਪੀਐੱਨਆਰ) ਬੁਕਿੰਗ ਕੀਤੀ ਗਈ ਹੈ।
ਇਨ੍ਹਾਂ ਟਿਕਟਾਂ ਉੱਤੇ ਲਗਬਗ 82,317 ਲੋਕ ਯਾਤਰਾ ਕਰਨਗੇ। ਰੇਲਵੇ ਨੇ ਸੋਮਵਾਰ ਨੂੰ 15 ਖ਼ਾਸ ਟ੍ਰੇਨਾਂ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜੋ ਅੱਜ ਮੰਗਲਵਾਰ ਤੋਂ ਚੱਲਣਗੀਆਂ। ਯਾਤਰੀਆਂ ਨੂੰ ਆਪਣਾ ਖਾਣਾ ਅਤੇ ਚੱਦਰ ਲਿਆਉਣ ਨੂੰ ਕਿਹਾ ਗਿਆ ਹੈ ਅਤੇ ਸਿਹਤ ਜਾਂਚ ਦੇ ਲਈ ਟ੍ਰੇਨ ਦੇ ਰਵਾਨਾ ਹੋਣ ਦੇ ਸਮੇਂ ਤੋਂ ਲਗਭਗ 90 ਮਿੰਟ ਪਹਿਲਾ ਆਉਣ ਨੂੰ ਕਿਹਾ ਹੈ।
ਭਾਰਤੀ ਰੇਲ ਨੇ ਟਿਕਟਾਂ ਰੱਦ ਕਰਨ ਦਾ ਵਿਕਲਪ ਵੀ ਰੱਖਿਆ ਹੈ। ਇਸ ਸਬੰਧ ਵਿੱਚ ਉਸ ਦਾ ਕਹਿਣਾ ਹੈ ਕਿ ਯਾਤਰੀ ਰੇਲਗੱਡੀ ਦੇ ਚੱਲਣ ਤੋਂ 24 ਘੰਟੇ ਤੋਂ ਪਹਿਲਾਂ ਤੱਕ ਹੀ ਟਿਕਟ ਰੱਦ ਕਰ ਸਕਦੇ ਹਨ, ਪਰ ਟਿਕਟ ਰੱਦ ਹੋਣ ਉੱਤੇ ਕੁੱਲ ਕਿਰਾਏ ਦਾ 50 ਫ਼ੀਸਦੀ ਕਰ ਦੇ ਰੂਪ ਵਿੱਚ ਕੱਟ ਲਿਆ ਜਾਵੇਗਾ।
ਪੀਟੀਆਈ