ਹੈਦਰਾਬਾਦ:ਭਾਰਤ ਰਾਸ਼ਟਰ ਸਮਿਤੀ ਦੇ ਨੇਤਾ ਕੇ.ਕਵਿਤਾ ਨੇ ਕਿਹਾ ਹੈ ਕਿ ਉਹ ਨਿਜ਼ਾਮਾਬਾਦ ਲੋਕ ਸਭਾ ਹਲਕੇ ਤੋਂ 2024 ਦੀਆਂ ਚੋਣਾਂ ਲੜੇਗੀ, ਜਿੱਥੇ ਉਹ ਪਿਛਲੀਆਂ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਡੀ.ਅਰਵਿੰਦ ਤੋਂ ਹਾਰ ਗਈ ਸੀ। ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਵਿਤਾ ਨੇ ਮੌਜੂਦਾ ਸੰਸਦ ਮੈਂਬਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ ਨਿਜ਼ਾਮਾਬਾਦ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਕਵਿਤਾ ਇਸ ਸਮੇਂ ਵਿਧਾਨ ਸਭਾ ਕੌਂਸਲਰ (MLC) ਹੈ।
ਕਵਿਤਾ ਦਾ ਦਾਅਵਾ ਕਿ ਯਕੀਨੀ ਜਿੱਤ ਹਾਸਿਲ ਕਰਕੇ ਰਹਾਂਗੀ : ਕਵਿਤਾ ਨੇ ਪੱਤਰਕਾਰਾਂ ਨੂੰ ਕਿਹਾ, ਕਿ "ਨਿਜ਼ਾਮਾਬਾਦ ਦੇ ਸੰਸਦ ਮੈਂਬਰ ਮੈਨੂੰ ਪੁੱਛਦੇ ਹਨ ਕਿ ਮੈਂ ਅਗਲੀਆਂ ਆਮ ਚੋਣਾਂ ਕਿੱਥੋਂ ਲੜਾਂਗੀ। ਮੈਂ ਪਹਿਲਾਂ ਵੀ ਕਿਹਾ ਸੀ ਕਿ ਅਰਵਿੰਦ ਜਿੱਥੋਂ ਚੋਣ ਲੜੇਗਾ, ਮੈਂ ਉਥੋਂ ਚੋਣ ਲੜਾਂਗੀ ਅਤੇ ਉਸ ਨੂੰ ਹਰਾਵਾਂਗੀ। ਮੈਂ ਨਿਜ਼ਾਮਾਬਾਦ ਸੰਸਦੀ ਹਲਕੇ ਤੋਂ ਚੋਣ ਲੜਾਂਗੀ ਅਤੇ ਯਕੀਨੀ ਤੌਰ 'ਤੇ ਜਿੱਤ ਵੀ ਹਾਸਿਲ ਹੋਵੇਗੀ।ਕਵਿਤਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਅਰਵਿੰਦ ਇਸ ਵਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਯੋਜਨਾ ਬਣਾ ਰਹੇ ਹਨ। ਸਾਬਕਾ ਰਾਜ ਸਭਾ ਮੈਂਬਰ ਡੀ.ਸ਼੍ਰੀਨਿਵਾਸ ਦੇ ਪੁੱਤਰ ਅਤੇ ਰਾਜਨੀਤੀ ਵਿੱਚ ਨਵੇਂ ਆਏ ਅਰਵਿੰਦ ਨੇ 2019 ਵਿੱਚ ਨਿਜ਼ਾਮਾਬਾਦ ਸੰਸਦੀ ਸੀਟ 71,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਕਵਿਤਾ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਨਿਜ਼ਾਮਾਬਾਦ ਸੀਟ ਤੋਂ 1.67 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ।
ਭਾਜਪਾ ਆਗੂ ਕੂੜ ਪ੍ਰਚਾਰ ਵਿੱਚ ਲੱਗੇ ਹੋਏ ਹਨ:ਉਨ੍ਹਾਂ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੂਬਾ ਸਰਕਾਰ ਨਿਜ਼ਾਮਾਬਾਦ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਭਾਜਪਾ ਨੇਤਾ ਝੂਠਾ ਪ੍ਰਚਾਰ ਕਰ ਰਹੇ ਹਨ, ਤੇਲੰਗਾਨਾ 'ਚ ਨਿਰਵਿਘਨ ਬਿਜਲੀ ਸਪਲਾਈ ਦਾ ਮਜ਼ਾਕ ਉਡਾ ਰਹੇ ਹਨ। ਅੱਗੇ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਅਤੇ ਕੇਸੀਆਰ ਦੀ ਆਲੋਚਨਾ ਕਰਨ ਤੋਂ ਪਹਿਲਾਂ,ਉਨ੍ਹਾਂ ਨੂੰ ਭਲਾਈ ਸਕੀਮਾਂ ਬਾਰੇ ਜਾਣਨਾ ਅਤੇ ਉਨ੍ਹਾਂ ਬਾਰੇ ਗੱਲ ਕਰਨੀ ਚਾਹੀਦੀ ਹੈ।
ਨਿਜ਼ਾਮਾਬਾਦ ਦੇ ਵਿਕਾਸ ਵਿੱਚ ਭਾਜਪਾ ਦਾ ਕੋਈ ਯੋਗਦਾਨ ਨਹੀਂ ਹੈ:ਕੇ ਕਵਿਤਾ ਨੇ ਕਿਹਾ ਕਿ ਹਾਲ ਹੀ ਵਿੱਚ ਰਾਜ ਸਰਕਾਰ ਨੇ ਨਿਜ਼ਾਮਾਬਾਦ ਵਿੱਚ ਇੱਕ ਆਈਟੀ ਹੱਬ ਸ਼ੁਰੂ ਕੀਤਾ ਹੈ, ਜੋ ਇਸ ਖੇਤਰ ਵਿੱਚ ਸਥਾਨਕ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰੇਗਾ। ਨਿਜ਼ਾਮਾਬਾਦ ਦੇ ਵਿਕਾਸ ਵਿੱਚ ਭਾਜਪਾ ਦਾ ਕੋਈ ਯੋਗਦਾਨ ਨਹੀਂ ਹੈ। ਉਨ੍ਹਾਂ ਭਾਜਪਾ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਤੇਲੰਗਾਨਾ ਦੇ ਵਿਕਾਸ ਲਈ ਅੱਗੇ ਆਉਣਾ ਚਾਹੀਦਾ ਹੈ, ਭਾਵੇਂ ਇਸ ਦਾ ਕੋਈ ਵੀ ਮੈਂਬਰ ਪਾਰਲੀਮੈਂਟ 'ਚ ਨਾ ਬੋਲੇ।
ਕੇਸੀਆਰ ਦੀ ਪਾਰਟੀ ਬੀਆਰਐਸ ਮਹਾਰਾਸ਼ਟਰ 'ਚ ਮਾਰਚ ਦਾ ਆਯੋਜਨ ਕਰੇਗੀ:ਬੀਆਰਐਸ ਮਹਾਰਾਸ਼ਟਰ ਦੇ ਕਿਸਾਨਾਂ ਲਈ 10,000 ਰੁਪਏ ਪ੍ਰਤੀ ਏਕੜ ਸਾਲਾਨਾ ਸਹਾਇਤਾ ਦੀ ਮੰਗ ਨੂੰ ਲੈ ਕੇ ਪਰਭਨੀ ਵਿੱਚ ਇੱਕ ਮਾਰਚ ਕਰੇਗੀ। ਬੀਆਰਐਸ ਕਿਸਾਨ ਸੈੱਲ ਦੇ ਸੂਬਾ ਮੁਖੀ ਮਾਨਿਕ ਕਦਮ ਨੇ ਕਿਹਾ ਕਿ ਇਹ ਮੰਗ ਮਰਾਠਵਾੜਾ ਖੇਤਰ ਦੇ ਸਾਬਕਾ ਡਿਵੀਜ਼ਨਲ ਕਮਿਸ਼ਨਰ ਸੁਨੀਲ ਕੇਂਦਰੇਕਰ ਦੀ ਰਿਪੋਰਟ ਵਿੱਚ ਕੀਤੀ ਗਈ ਸਿਫ਼ਾਰਸ਼ 'ਤੇ ਅਧਾਰਤ ਹੈ, ਜਿਸ ਵਿੱਚ ਪਰਭਨੀ ਸਮੇਤ ਅੱਠ ਜ਼ਿਲ੍ਹੇ ਸ਼ਾਮਲ ਹਨ। ਮਾਨਿਕ ਕਦਮ ਨੇ ਕਿਹਾ ਕਿ ਸਾਬਕਾ ਡਿਵੀਜ਼ਨਲ ਕਮਿਸ਼ਨਰ ਸੁਨੀਲ ਕੇਂਦਰੇਕਰ ਨੇ ਵੱਖ-ਵੱਖ ਸਰਕਾਰੀ ਏਜੰਸੀਆਂ ਰਾਹੀਂ ਇੱਕ ਵਿਆਪਕ ਸਰਵੇਖਣ ਕੀਤਾ ਅਤੇ ਸਿੱਟਾ ਕੱਢਿਆ ਕਿ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਪ੍ਰਤੀ ਏਕੜ 10,000 ਰੁਪਏ ਦੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਸਰਕਾਰ ਨੇ ਇਸ ਸਿਫਾਰਿਸ਼ ਨੂੰ ਰੱਦ ਕਰ ਦਿੱਤਾ ਹੈ।