ਚੰਡੀਗੜ੍ਹ:ਕੁਝ ਕਰਤੱਬ ਅਤੇ ਕਰਮ ਇੰਨੇ ਡੂੰਘੇ ਹੁੰਦੇ ਹਨ ਕਿ ਉਹ ਇਤਿਹਾਸ ਨੂੰ ਬਦਲ ਦਿੰਦੇ ਹਨ। ਅਜਿਹਾ ਹੀ ਇੱਕ ਕਰੱਤਵ ਸਿੱਖਾਂ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਅਤੇ ਫ਼ਤਿਹ ਸਿੰਘ ਜੀ (Zoravar Singh and Fateh Singh) ਨੇ ਕੀਤਾ।
ਸਾਹਿਬਜ਼ਾਦੇ ਫ਼ਤਿਹ ਸਿੰਘ ਜੀ ਦਾ ਜਨਮ 14 ਦਸੰਬਰ 1699 ਈ: ਨੂੰ ਮਾਤਾ ਜੀਤੋ ਜੀ ਦੇ ਕੁੱਖੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਸਾਹਿਬਜ਼ਾਦਾ ਫ਼ਤਿਹ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਥੇ ਪੁੱਤਰ ਸਨ। ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਸਿੱਖ ਧਰਮ ਦੇ ਸ਼ਹੀਦਾਂ ਵਿੱਚੋਂ ਇੱਕ ਹਨ।
ਬਾਦਸ਼ਾਹ ਔਰੰਗਜ਼ੇਬ ਦੇ ਹੁਕਮ 'ਤੇ ਮੁਗਲਾਂ ਅਤੇ ਪਹਾੜੀਆਂ ਦੇ ਸੁਮੇਲ ਨੇ ਅਨੰਦਪੁਰ ਸਾਹਿਬ ਨੂੰ ਘੇਰ ਲਿਆ। ਸ਼ਹਿਰ ਅਤੇ ਕਿਲ੍ਹੇ ਵਿੱਚ ਅਨਾਜ ਦਾ ਭੰਡਾਰ ਖ਼ਤਮ ਹੋ ਗਿਆ। ਮੁਗਲਾਂ ਨੇ ਸਿੱਖਾਂ ਨੂੰ ਕਿਲ੍ਹਾ ਛੱਡਣ ਅਤੇ ਹਮਲਾ ਨਾ ਕਰਨ ਦਾ ਵਾਅਦਾ ਕੀਤਾ, ਜੇਕਰ ਉਹ ਅਨੰਦਪੁਰ ਦਾ ਕਿਲ੍ਹਾ ਸੌਂਪ ਦੇਣਗੇ। ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਿਮਤ ਹੋ ਗਏ ਅਤੇ ਆਪਣੇ ਪਰਿਵਾਰ ਅਤੇ ਰੱਖਿਅਕਾਂ ਦੇ ਇੱਕ ਛੋਟੇ ਜਿਹੇ ਸਮੂਹ ਨਾਲ ਨਗਰ ਛੱਡ ਗਏ।