ਨਵੀਂ ਦਿੱਲੀ: ਸ਼ਰਧਾ ਕਤਲ ਕੇਸ (Shraddha Murder Case) ਵਿੱਚ ਸਾਕੇਤ ਅਦਾਲਤ ਨੇ ਮਾਮਲੇ ਦੇ ਮੁਲਜ਼ਮ ਆਫਤਾਬ ਅਮੀਨ ਨੂੰ ਚਾਰ ਦਿਨ ਹੋਰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਪੁਲਿਸ ਉਸ ਨੂੰ ਦੋ ਵਾਰ 5-5 ਦਿਨਾਂ ਦੇ ਰਿਮਾਂਡ ’ਤੇ ਭੇਜ ਚੁੱਕੀ ਹੈ। ਹਾਲਾਂਕਿ ਇਨ੍ਹਾਂ 10 ਦਿਨਾਂ ਵਿੱਚ ਵੀ ਪੁਲਿਸ ਨੂੰ ਅਜੇ ਤੱਕ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਪੁਲਿਸ ਨੂੰ ਆਫਤਾਬ ਦੇ ਨਾਰਕੋ ਟੈਸਟ ਦੀ ਇਜਾਜ਼ਤ ਮਿਲ ਗਈ ਹੈ। ਇਸ ਦੇ ਨਾਲ ਹੀ ਉਸ ਨੇ ਅਦਾਲਤ ਤੋਂ ਪੋਲੀਗ੍ਰਾਫ਼ ਟੈਸਟ (polygraph test) ਕਰਵਾਉਣ ਦੀ ਇਜਾਜ਼ਤ ਮੰਗੀ ਹੈ। ਪੁਲਿਸ ਨੂੰ ਉਮੀਦ ਹੈ ਕਿ ਨਾਰਕੋ ਟੈਸਟ ਅਤੇ ਪੌਲੀਗ੍ਰਾਫ਼ ਟੈਸਟ ਰਾਹੀਂ ਉਹ ਕੁਝ ਸਬੂਤ ਬਰਾਮਦ ਕਰ ਸਕੇਗੀ, ਜੋ ਆਫਤਾਬ ਨੂੰ ਕਾਤਲ ਸਾਬਤ ਕਰਨ ਵਿੱਚ ਅਹਿਮ ਕੜੀ ਸਾਬਤ ਹੋਣਗੇ।
ਆਫਤਾਬ ਨੂੰ ਸਵੇਰੇ 10:00 ਵਜੇ ਮੈਟਰੋਪੋਲੀਟਨ ਮੈਜਿਸਟ੍ਰੇਟ, ਸਾਕੇਤ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਨੇ ਰਿਮਾਂਡ ਦੀ ਮੰਗ ਕੀਤੀ, ਜਿਸ 'ਤੇ ਅਦਾਲਤ ਨੇ ਚਾਰ ਦਿਨ ਦਾ ਹੋਰ ਰਿਮਾਂਡ ਮਨਜ਼ੂਰ ਕਰ ਲਿਆ। ਇਸ ਦੇ ਨਾਲ ਹੀ ਆਫਤਾਬ ਦੀ ਵੱਲੋਂ ਪੇਸ਼ ਹੋਏ ਲੀਗਲ ਏਡ ਵਕੀਲ ਨੇ ਪੁਲਿਸ ਰਿਮਾਂਡ ਦਾ ਵਿਰੋਧ ਕੀਤਾ। ਦੱਸ ਦਈਏ ਕਿ ਪੁਲਿਸ ਮੰਗਲਵਾਰ ਨੂੰ ਆਫਤਾਬ ਦਾ ਪੋਲੀਗ੍ਰਾਫ ਟੈਸਟ ਕਰਵਾ ਸਕਦੀ ਹੈ। ਇਸ ਮਾਮਲੇ ਵਿੱਚ ਪੁਲੀਸ ਨੂੰ ਆਫਤਾਬ ਵੱਲੋਂ ਦੱਸੀਆਂ ਗਈਆਂ ਕੁਝ ਥਾਵਾਂ ਤੋਂ ਲਾਸ਼ ਦੇ ਅਵਸ਼ੇਸ਼ਾਂ ਤੋਂ ਇਲਾਵਾ ਹੋਰ ਕੋਈ ਸਬੂਤ ਨਹੀਂ ਮਿਲਿਆ ਹੈ।