ਕੇਰਲ:ਕੇਰਲ ਦੀ ਰਾਜਨੀਤੀ ਵਿੱਚ ਨਾਟਕੀ ਘਟਨਾਕ੍ਰਮ ਦੇਖਣ ਨੂੰ ਮਿਲ ਰਿਹਾ ਹੈ। ਗਵਰਨਰ ਆਰਿਫ਼ ਮੁਹੰਮਦ ਖ਼ਾਨ ਅਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਵਿਚਾਲੇ ਮਤਭੇਦ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਨਾਲ ਕੇਰਲ ਦੀ ਸਿਆਸੀ ਸਥਿਰਤਾ ਅਤੇ ਇਸ ਦੇ ਪ੍ਰਭਾਵ ਬਾਰੇ ਚਿੰਤਾਵਾਂ ਵਧ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐਮ) ਦੇ ਵਿਦਿਆਰਥੀ ਵਿੰਗ 'ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ' (ਐਸਐਫਆਈ) ਨੇ ਸੋਮਵਾਰ ਨੂੰ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਖ਼ਿਲਾਫ਼ ਆਪਣਾ ਵਿਰੋਧ ਤੇਜ਼ ਕਰ ਦਿੱਤਾ ਅਤੇ ਉਨ੍ਹਾਂ ਖ਼ਿਲਾਫ਼ ਬੈਨਰ ਲਾਏ।
ਟੀਵੀ ਚੈਨਲਾਂ 'ਤੇ ਦਿਖਾਏ ਜਾ ਰਹੇ ਵਿਜ਼ੁਅਲਸ ਦੇ ਅਨੁਸਾਰ, ਰਾਜ ਦੀ ਰਾਜਧਾਨੀ ਦੇ ਸਰਕਾਰੀ ਸੰਸਕ੍ਰਿਤ ਕਾਲਜ ਦੇ ਬਾਹਰ ਲਗਾਏ ਗਏ ਅਜਿਹੇ ਇੱਕ ਬੈਨਰ ਵਿੱਚ ਲਿਖਿਆ ਹੈ ਕਿ ਖਾਨ ਨੂੰ ਕੁਲਪਤੀ ਵਜੋਂ ਯੂਨੀਵਰਸਿਟੀਆਂ ਲਈ ਕੰਮ ਕਰਨਾ ਚਾਹੀਦਾ ਹੈ, ਨਾ ਕਿ ਸੰਘ ਪਰਿਵਾਰ ਲਈ। ਐਸਐਫਆਈ ਨੇ ਐਤਵਾਰ ਰਾਤ ਨੂੰ ਐਲਾਨ ਕੀਤਾ ਸੀ ਕਿ ਉਹ ਮਲਪੁਰਮ ਜ਼ਿਲ੍ਹੇ ਦੀ ਕਾਲੀਕਟ ਯੂਨੀਵਰਸਿਟੀ ਦੇ ਨਾਲ-ਨਾਲ ਰਾਜ ਭਰ ਦੇ ਕਾਲਜਾਂ ਵਿੱਚ ਖਾਨ ਦੇ ਖਿਲਾਫ ਸੈਂਕੜੇ ਪੋਸਟਰ ਅਤੇ ਬੈਨਰ ਲਗਾਏਗੀ।