ਨਵੀਂ ਦਿੱਲੀ: ਕਾਂਗਰਸ ਦੀ ਡਿਜੀਟਲ ਮੁਹਿੰਮ ‘ਜਨਜਾਗਰਣ ਅਭਿਆਨ’ ਦੇ ਉਦਘਾਟਨੀ ਪ੍ਰੋਗਰਾਮ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਹਿੰਦੂਤਵ ਦੀ ਗੱਲ ਕਰਦੀ ਹੈ। ਅਸੀਂ ਕਹਿੰਦੇ ਹਾਂ ਕਿ ਹਿੰਦੂ ਧਰਮ ਅਤੇ ਹਿੰਦੂਤਵ ਵਿੱਚ ਫਰਕ ਹੈ, ਕਿਉਂਕਿ ਜੇਕਰ ਕੋਈ ਫਰਕ ਨਾ ਹੁੰਦਾ ਤਾਂ ਨਾਮ ਇੱਕ ਹੀ ਹੋਣਾ ਸੀ।
ਰਾਹੁਲ ਨੇ ਕਿਹਾ ਕਿ ਭਾਰਤ ਵਿੱਚ ਦੋ ਵਿਚਾਰਧਾਰਾਵਾਂ ਹਨ, ਇੱਕ ਕਾਂਗਰਸ ਪਾਰਟੀ ਦੀ ਅਤੇ ਇੱਕ ਆਰਐਸਐਸ ਦੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਭਾਜਪਾ ਅਤੇ ਆਰਐਸਐਸ ਨੇ ਨਫ਼ਰਤ ਫੈਲਾਈ ਹੋਈ ਹੈ ਅਤੇ ਕਾਂਗਰਸ ਦੀ ਵਿਚਾਰਧਾਰਾ ਜੋੜਨ, ਭਾਈਚਾਰਾ ਅਤੇ ਪਿਆਰ ਦੀ ਹੈ।
ਰਾਹੁਲ ਨੇ ਸਵਾਲ ਉਠਾਇਆ ਕਿ ਕੀ ਸਿੱਖ ਜਾਂ ਮੁਸਲਮਾਨ ਨੂੰ ਕੁੱਟਣਾ ਹਿੰਦੂ ਧਰਮ ਹੈ ? ...ਨਹੀਂ ਇਹ ਹਿੰਦੂਤਵ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸ ਕਿਤਾਬ ਵਿੱਚ ਲਿਖਿਆ ਹੈ ਕਿ ਇੱਕ ਨਿਰਦੋਸ਼ ਦੀ ਕਤਲ ਕਰੋ। ਉਨ੍ਹਾਂ ਕਿਹਾ ਕਿ ਮੈਂ ਉਪਨਿਸ਼ਦ ਪੜ੍ਹਿਆ ਹਨ ਪਰ ਮੈਂ ਇਸਨੂੰ ਹਿੰਦੂ, ਸਿੱਖ ਜਾਂ ਇਸਲਾਮੀ ਗ੍ਰੰਥਾਂ ਵਿੱਚ ਨਹੀਂ ਦੇਖਿਆ। ਮੈਂ ਇਸਨੂੰ ਹਿੰਦੂਤਵ ਵਿੱਚ ਦੇਖ ਸਕਦਾ ਹਾਂ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ 2014 ਤੋਂ ਪਹਿਲਾਂ ਵਿਚਾਰਧਾਰਾ ਦੀ ਲੜਾਈ ਕੇਂਦਰਿਤ ਨਹੀਂ ਸੀ, ਪਰ ਅੱਜ ਦੇ ਭਾਰਤ ਵਿੱਚ ਵਿਚਾਰਧਾਰਾ ਦੀ ਲੜਾਈ ਸਭ ਤੋਂ ਅਹਿਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਡੂੰਘਾਈ ਨਾਲ ਸਾਨੂੰ ਆਪਣੀ ਵਿਚਾਰਧਾਰਾ ਨੂੰ ਸਮਝਣਾ ਅਤੇ ਫੈਲਾਉਣਾ ਚਾਹੀਦਾ ਹੈ, ਉਹ ਅਸੀਂ ਛੱਡ ਦਿੱਤਾ ਹੈ, ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਆਪਣੀ ਵਿਚਾਰਧਾਰਾ ਨੂੰ ਆਪਣੇ ਸੰਗਠਨ ਵਿੱਚ ਹੋਰ ਮਜ਼ਬੂਤ ਕਰਨਾ ਪਵੇਗਾ।