ਨਵੀਂ ਦਿੱਲੀ: ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ 'ਤੇ 21 ਮਈ ਨੂੰ ਆਪਣੀ 'ਰਾਜੀਵ ਕ੍ਰਾਂਤੀ' ਮੁਹਿੰਮ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਇਸ ਮੁਹਿੰਮ ਦਾ ਮਕਸਦ ਨੌਜਵਾਨਾਂ ਨੂੰ ਨਾਲ ਜੋੜਨਾ ਹੈ। ਏਆਈਸੀਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਅਸੀਂ ਪਾਰਟੀ ਦੇ ਸਾਰੇ ਪ੍ਰਮੁੱਖ ਨੇਤਾਵਾਂ ਨੂੰ ਸੱਦਾ ਦਿੱਤਾ ਹੈ।
ਪ੍ਰਿਅੰਕਾ ਜੀ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਹੋਣ ਵਾਲੇ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਕੁਝ ਹੋਰ ਆਗੂ ਵੀ ਭਾਸ਼ਣ ਦੇਣਗੇ। ਰਾਹੁਲ ਗਾਂਧੀ ਇਸ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਉਹ ਕੈਂਬਰਿਜ ਯੂਨੀਵਰਸਿਟੀ ਵਿੱਚ ‘ਇੰਡੀਆ ਐਟ 75’ ਵਿਸ਼ੇ ’ਤੇ ਭਾਸ਼ਣ ਦੇਣ ਲਈ ਵਿਦੇਸ਼ ਗਏ ਹੋਏ ਹਨ।
ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਕਿਹਾ ਕਿ ਯੂਥ ਕਨੈਕਟ ਪਹਿਲਕਦਮੀ ਨੂੰ ਪ੍ਰਸਤਾਵਿਤ 'ਭਾਰਤ ਜੋੜੋ ਯਾਤਰਾ' ਨਾਲ ਜੋੜਿਆ ਜਾਵੇਗਾ, ਜੋ ਅਕਤੂਬਰ ਵਿੱਚ ਸ਼ੁਰੂ ਹੋਵੇਗੀ। ਯੂਥ ਕਾਂਗਰਸ ਦੇ ਪ੍ਰਧਾਨ ਬੀਵੀ ਸ਼੍ਰੀਨਿਵਾਸ ਨੇ ਕਿਹਾ, 'ਰਾਜੀਵ ਜੀ ਨੇ ਟੈਲੀਕਾਮ ਕ੍ਰਾਂਤੀ ਦੀ ਸ਼ੁਰੂਆਤ ਕੀਤੀ, 18 ਸਾਲ ਦੇ ਨੌਜਵਾਨਾਂ ਨੂੰ ਵੋਟ ਦਾ ਅਧਿਕਾਰ ਦਿੱਤਾ।' ਉਨ੍ਹਾਂ ਕਿਹਾ, ''ਸਾਡੀ ਨਵੀਂ ਪਹਿਲ ਭਾਰਤ ਦੇ ਨੌਜਵਾਨਾਂ ਨੂੰ ਜੋੜ ਦੇਵੇਗੀ।
21 ਮਈ 1991 ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ਵਿੱਚ ਇੱਕ ਮਹਿਲਾ ਆਤਮਘਾਤੀ ਹਮਲਾਵਰ ਦੇ ਹਮਲੇ ਵਿੱਚ ਮਾਰੇ ਗਏ ਸਨ। ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੇ ਕਾਤਲ ਪੇਰਾਰੀਵਲਨ ਨੂੰ 31 ਸਾਲ ਬਾਅਦ ਰਿਹਾਅ ਕਰ ਦਿੱਤਾ ਸੀ। ਕਾਂਗਰਸ ਨੇ ਇਸ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਇਸ ਨੂੰ 'ਉਦਾਸ ਦਿਨ' ਦੱਸਿਆ, ਜਦਕਿ ਤਾਮਿਲਨਾਡੂ 'ਚ ਸੱਤਾਧਾਰੀ ਡੀਐੱਮਕੇ ਨੇ ਸੁਪਰੀਮ ਕੋਰਟ ਦੇ ਨਿਰਦੇਸ਼ ਦਾ ਸਵਾਗਤ ਕੀਤਾ।