ਚੇਨੱਈ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਤਾਮਿਲਨਾਡੂ ਦੌਰੇ ਦੌਰਾਨ 2,437 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਚੇਨੱਈ ਹਵਾਈ ਅੱਡੇ 'ਤੇ ਅਤਿ-ਆਧੁਨਿਕ ਏਕੀਕ੍ਰਿਤ ਟਰਮੀਨਲ ਇਮਾਰਤ ਸਮੇਤ ਕਈ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਦੱਸ ਦਈਏ ਕਿ ਪੀਐਮ ਮੋਦੀ ਇਥੇ ਨਵੇਂ ਟਰਮੀਨਲ ਦਾ ਉਦਘਾਟਨ ਕਰਨਗੇ, ਜਿਸ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ। ਇਸ ਨਾਲ ਹਰ ਸਾਲ ਯਾਤਰੀਆਂ ਦੀ ਗਿਣਤੀ 35 ਮਿਲੀਅਨ ਤੱਕ ਵਧਣ ਦੀ ਉਮੀਦ ਹੈ। ਉਥੇ ਹੀ ਪੁਲਿਸ ਨੇ ਕਿਹਾ ਕਿ ਯਾਤਰਾ ਦੇ ਮੱਦੇਨਜ਼ਰ ਪੂਰੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ, ਜਦੋਂ ਕਿ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਪਹਿਲਾਂ ਤੋਂ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ ਕਿਹਾ ਗਿਆ ਹੈ ਕਿਉਂਕਿ ਆਵਾਜਾਈ ਦੇ ਰੂਟ ਬਦਲ ਦਿੱਤੇ ਗਏ ਹਨ।
ਇਹ ਵੀ ਪੜੋ:Amrit Vele Da Mukhwak: ੨੬ ਚੇਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਪੀਐਮ ਮੋਦੀ ਨੇ ਕੀਤਾ ਸੀ ਟਵੀਟ:ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ ਸੀ, 'ਇਹ ਚੇਨੱਈ ਦੇ ਬੁਨਿਆਦੀ ਢਾਂਚੇ ਲਈ ਇੱਕ ਮਹੱਤਵਪੂਰਨ ਕੰਮ ਹੋਵੇਗਾ। ਇਸ ਨਾਲ ਕਨੈਕਟੀਵਿਟੀ ਨੂੰ ਹੁਲਾਰਾ ਮਿਲੇਗਾ ਅਤੇ ਸਥਾਨਕ ਅਰਥਵਿਵਸਥਾ ਨੂੰ ਵੀ ਫਾਇਦਾ ਹੋਵੇਗਾ। ਚੇਨੱਈ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ, ਨਵਾਂ ਏਕੀਕ੍ਰਿਤ ਟਰਮੀਨਲ 2.20 ਲੱਖ ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਤਾਮਿਲਨਾਡੂ ਵਿੱਚ ਵੱਧ ਰਹੇ ਹਵਾਈ ਆਵਾਜਾਈ ਨੂੰ ਪੂਰਾ ਕਰੇਗਾ। ਉਥੇ ਹੀ ਇਸ ਸਬੰਧੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ, '35 ਮਿਲੀਅਨ ਪ੍ਰਤੀ ਸਾਲ ਦੀ ਯਾਤਰੀ ਸਮਰੱਥਾ ਦੇ ਨਾਲ ਚੇਨੱਈ ਹਵਾਈ ਅੱਡੇ 'ਤੇ ਅਤਿ-ਆਧੁਨਿਕ ਸਹੂਲਤ ਸਾਰਿਆਂ ਲਈ ਹਵਾਈ ਯਾਤਰਾ ਦੇ ਅਨੁਭਵਾਂ ਨੂੰ ਬਿਹਤਰ ਬਣਾਏਗੀ।'
ਰੇਲਗੱਡੀ ਨੂੰ ਦੇਣਗੇ ਹਰੀ ਝੰਡੀ:ਏਕੀਕ੍ਰਿਤ ਨਵੇਂ ਟਰਮੀਨਲ ਦਾ ਉਦਘਾਟਨ ਕਰਨ ਤੋਂ ਇਲਾਵਾ ਪੀਐਮ ਮੋਦੀ ਇੱਥੇ ਡਾਕਟਰ ਐਮਜੀਆਰ ਸੈਂਟਰਲ ਰੇਲਵੇ ਸਟੇਸ਼ਨ ਤੋਂ ਚੇਨੱਈ ਅਤੇ ਕੋਇੰਬਟੂਰ ਵਿਚਕਾਰ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਦੱਖਣੀ ਰੇਲਵੇ ਨੇ ਬੁੱਧਵਾਰ ਨੂੰ ਛੱਡ ਕੇ ਸਾਰੇ ਦਿਨ ਦੋਵਾਂ ਸ਼ਹਿਰਾਂ ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ਚਲਾਉਣ ਦੀ ਯੋਜਨਾ ਬਣਾਈ ਹੈ। ਦੱਖਣੀ ਰੇਲਵੇ ਨੇ ਕਿਹਾ ਕਿ ਰੇਲਗੱਡੀ ਦੋਵੇਂ ਦਿਸ਼ਾਵਾਂ ਵਿੱਚ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਲਗਭਗ 5.50 ਘੰਟਿਆਂ ਵਿੱਚ ਮੰਜ਼ਿਲ 'ਤੇ ਪਹੁੰਚ ਜਾਵੇਗੀ, ਜਿਸ ਨਾਲ ਐਕਸਪ੍ਰੈਸ ਰੇਲਗੱਡੀ ਦੇ ਮੁਕਾਬਲੇ 1.20 ਘੰਟੇ ਦੀ ਯਾਤਰਾ ਸਮੇਂ ਦੀ ਬਚਤ ਹੋਵੇਗੀ। ਇਸ ਤੋਂ ਬਾਅਦ ਪੀਐਮ ਮੋਦੀ ਕਾਮਰਾਜਰ ਸਲਾਈ (ਬੀਚ ਰੋਡ) 'ਤੇ ਵਿਵੇਕਾਨੰਦ ਇਲਮ ਵਿੱਚ ਰਾਮਕ੍ਰਿਸ਼ਨ ਮੱਠ ਦੇ 125ਵੇਂ ਸਾਲਾਨਾ ਸਮਾਰੋਹ ਵਿੱਚ ਸ਼ਾਮਲ ਹੋਣਗੇ ਅਤੇ ਪੱਲਵਰਮ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ। (ਪੀਟੀਆਈ-ਭਾਸ਼ਾ)
ਇਹ ਵੀ ਪੜੋ:ਨਸ਼ੇ ਵਿੱਚ ਧੁੱਤ ਯਾਤਰੀ ਨੇ ਏਅਰਕ੍ਰਾਫਟ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ, CISF ਨੇ ਕੀਤਾ ਕਾਬੂ