ਨੋਇਡਾ:ਨੋਇਡਾ ਇਲਾਕੇ ਵਿੱਚ ਇੱਕ ਗੈਂਗ ਵਿਦੇਸ਼ ਵਿੱਚ ਨੌਕਰੀ ਦਿਵਾਉਣ ਦੇ ਨਾਮ ਉੱਤੇ ਲੋਕਾਂ ਨਾਲ ਠੱਗੀ ਕਰਦੇ ਸਨ। ਨੋਇਡਾ ਪੁਲਿਸ ਸਟੇਸ਼ਨ ਸੈਕਟਰ 113 ਅਤੇ ਆਈਟੀ ਸੈੱਲ ਦੁਆਰਾ ਛਾਪੇਮਾਰੀ ਕਰਕੇ ਗਿਰੋਹ ਦੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਸਭ ਤੋਂ ਪਹਿਲਾਂ ਮੁਲਜ਼ਮ ਪਵਨ ਨੂੰ ਸੈਕਟਰ-70 ਥਾਣਾ ਫੇਜ਼-3 ਨੇੜਿਓਂ ਗ੍ਰਿਫ਼ਤਾਰ ਕੀਤਾ। ਉਸ ਦੇ ਇਸ਼ਾਰੇ 'ਤੇ ਮਯੂਰ ਵਿਹਾਰ ਫੇਜ਼-1 ਤੋਂ 9 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ। ਇਨ੍ਹਾਂ ਦੇ ਕਬਜ਼ੇ 'ਚੋਂ ਕਰੀਬ ਸਾਢੇ 7 ਲੱਖ ਦੀ ਨਕਦੀ ਬਰਾਮਦ ਹੋਈ।
ਫੜੇ ਗਏ ਮੁਲਜ਼ਮ ਦਿੱਲੀ ਦੇ ਮਯੂਰ ਵਿਹਾਰ ਫੇਜ਼ ਵਨ ਵਿੱਚ ਫਰਜ਼ੀ ਕਾਲ ਸੈਂਟਰ ਖੋਲ੍ਹ ਕੇ ਲੋਕਾਂ ਦਾ ਡਾਟਾ ਲੈ ਕੇ ਠੱਗੀ ਮਾਰਦੇ ਸਨ। ਨੋਇਡਾ ਦੇ ਸੈਕਟਰ 75 ਦੇ ਰਹਿਣ ਵਾਲੇ ਨਰਿੰਦਰ ਸ਼ਿੰਦੇ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿੱਚ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਛਾਪੇਮਾਰੀ ਕਰਕੇ ਗਿਰੋਹ ਨਾਲ ਜੁੜੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਵਨ ਕੁਮਾਰ, ਜਿਤੇਸ਼ ਕੁਮਾਰ ਰਾਮਕਿਸ਼ਨ, ਦੀਪੇਂਦਰ ਕੁਮਾਰ, ਪ੍ਰਦੀਪ ਕੁਮਾਰ ਸਿੰਘ, ਅਰਵਿੰਦ ਕੁਮਾਰ ਯਾਦਵ, ਤੇਜਪਾਲ ਸਿੰਘ, ਰੋਹਿਤ ਕੁਮਾਰ, ਸੁਭਾਸ਼ ਚੰਦਰ ਅਤੇ ਰਾਮਕ੍ਰਿਸ਼ਨ ਸਿੰਘ ਵਜੋਂ ਹੋਈ ਹੈ।
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਗੱਡੀ, 674000 ਦੀ ਨਕਦੀ, 17 ਮੋਬਾਈਲ ਅਤੇ 7 ਲੈਪਟਾਪ ਬਰਾਮਦ ਕੀਤੇ ਹਨ। ਉਨ੍ਹਾਂ 'ਤੇ ਵਿਦੇਸ਼ 'ਚ ਨੌਕਰੀ ਦਿਵਾਉਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਮਾਰਨ ਦਾ ਦੋਸ਼ ਹੈ। ਇਸ ਧੋਖਾਧੜੀ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੇ ਕਾਲ ਸੈਂਟਰ ਵੀ ਖੋਲ੍ਹਿਆ ਹੋਇਆ ਸੀ, ਜਿਸ ਰਾਹੀਂ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ। ਸ਼ਿਕਾਇਤਕਰਤਾ ਨਰਿੰਦਰ ਸ਼ਿੰਦੇ ਨੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਸੀ। ਸਿੰਗਾਪੁਰ ਦੀ ਇੱਕ ਕੰਸਟ੍ਰਕਸ਼ਨ ਕੰਪਨੀ ਵਿੱਚ ਨੌਕਰੀ ਦਿਵਾਉਣ ਦੇ ਨਾਂ 'ਤੇ ਉਸ ਤੋਂ 2 ਲੱਖ ਰੁਪਏ ਲਏ ਗਏ।