ਅਹਿਮਦਾਬਾਦ:ਗੁਜਰਾਤ ਯੂਨੀਵਰਸਿਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਮੰਗਣ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਸ਼ਿਕਾਇਤ ਦੇ ਆਧਾਰ 'ਤੇ ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਜੈਸ਼ਭਾਈ ਚੌਟੀਆ ਦੀ ਅਦਾਲਤ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਨੂੰ ਭਾਰਤੀ ਦੰਡਾਵਲੀ ਦੀ ਧਾਰਾ 500 (ਮਾਨਹਾਨੀ) ਦੇ ਤਹਿਤ ਮਾਮਲੇ ਦੀ ਸੁਣਵਾਈ ਲਈ 23 ਮਈ ਨੂੰ ਤਲਬ ਕੀਤਾ ਹੈ।
ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਵਿਰੁੱਧ ਸੰਮਨ ਜਾਰੀ :ਅਹਿਮਦਾਬਾਦ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਨੂੰ ਲੈ ਕੇ ਗੁਜਰਾਤ ਯੂਨੀਵਰਸਿਟੀ ਮਾਣਹਾਨੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਅਤੇ 'ਆਪ' ਨੇਤਾ ਸੰਜੇ ਸਿੰਘ ਦੇ ਖਿਲਾਫ ਸੰਮਨ ਜਾਰੀ ਕੀਤੇ ਹਨ। ਅਹਿਮਦਾਬਾਦ ਦੀ ਅਦਾਲਤ ਨੇ ਇਕ ਪਟੀਸ਼ਨ 'ਤੇ ਦੋਵਾਂ ਆਗੂਆਂ ਖਿਲਾਫ ਇਹ ਸੰਮਨ ਜਾਰੀ ਕੀਤੇ ਹਨ। ਇਸ ਅਰਜ਼ੀ ਦਾ ਐਲਾਨ ਯੂਨੀਵਰਸਿਟੀ ਦੇ ਜਨਰਲ ਸਕੱਤਰ ਨੇ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਦੋਵਾਂ ਆਗੂਆਂ ਦੀ ਪ੍ਰੈੱਸ ਕਾਨਫਰੰਸ ਨਾਲ ਗੁਜਰਾਤ ਯੂਨੀਵਰਸਿਟੀ ਦੀ ਸਾਖ ਨੂੰ ਠੇਸ ਪਹੁੰਚੀ ਹੈ।
ਮੋਦੀ ਦੇ ਦਸਤਾਵੇਜ਼ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਪਹਿਲਾਂ ਹੀ ਅਪਲੋਡ :ਪਟੀਸ਼ਨਕਰਤਾ ਦੇ ਵਕੀਲ ਅਮਿਤ ਨਾਇਰ ਨੇ ਕਿਹਾ ਕਿ 31 ਮਾਰਚ ਨੂੰ ਗੁਜਰਾਤ ਹਾਈਕੋਰਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਨਾਲ ਸਬੰਧਤ ਦਸਤਾਵੇਜ਼ ਨਹੀਂ ਦੇਣੇ ਚਾਹੀਦੇ। 1 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਨੇ ਟਵਿੱਟਰ ਅਤੇ ਹੋਰ ਮੀਡੀਆ 'ਤੇ ਪ੍ਰਧਾਨ ਮੰਤਰੀ ਅਤੇ ਗੁਜਰਾਤ ਯੂਨੀਵਰਸਿਟੀ ਬਾਰੇ ਗੱਲ ਕੀਤੀ ਅਤੇ ਅਗਲੇ ਦਿਨ ਵੀ ਉਨ੍ਹਾਂ ਨੇ ਗੁਜਰਾਤ ਯੂਨੀਵਰਸਿਟੀ ਬਾਰੇ ਗੱਲ ਕੀਤੀ। ਹਾਈਕੋਰਟ 'ਚ ਦਿੱਤੇ ਗਏ ਫੈਸਲੇ 'ਚ ਖੁਲਾਸਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਸਤਾਵੇਜ਼ ਗੁਜਰਾਤ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਪਹਿਲਾਂ ਹੀ ਅਪਲੋਡ ਕੀਤੇ ਜਾ ਚੁੱਕੇ ਹਨ।