ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਦੋ ਵੱਖ-ਵੱਖ ਇਲਾਕਿਆਂ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਜਾਰੀ ਹੈ। ਕੁਲਗਾਮ ਦੇ ਡੀਐੱਚ ਪੋਰਾ ਇਲਾਕੇ 'ਚ ਸਥਿਤ ਚੱਕੀ ਸਮਦ ਅਤੇ ਅਨੰਤਨਾਗ ਜ਼ਿਲੇ ਦੇ ਸਿਰਹਾਮਾ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।
ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਦੱਸਿਆ ਕਿ ਅਨੰਤਨਾਗ ਦੇ ਸਿਰਹਾਮਾ ਵਿੱਚ ਫੌਜ ਨੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਨਿਸਾਰ ਡਾਰ ਨੂੰ ਮਾਰ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਫੌਜ ਨੇ ਕੁਲਗਾਮ ਵਿੱਚ ਵੀ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਮਾਰੇ ਗਏ ਦੋਵੇਂ ਅੱਤਵਾਦੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸਨ।
ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੂੰ ਇਨ੍ਹਾਂ ਦੋਹਾਂ ਥਾਵਾਂ 'ਤੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫੀਆ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਲਾਕੇ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰ ਦਿੱਤੀ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਦੋਹਾਂ ਧਿਰਾਂ ਵਿਚਾਲੇ ਗੋਲੀਬਾਰੀ ਜਾਰੀ ਹੈ।
ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਜੰਮੂ-ਕਸ਼ਮੀਰ ਵਿੱਚ ਇੱਕ ਕਸ਼ਮੀਰੀ ਪੰਡਤ ਦੀ ਅੱਤਵਾਦੀਆਂ (Terrorist Attack in Kashmir) ਨੇ ਗੋਲੀ (shoot kashmiri pandit) ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਦੇ ਨਾਲ ਹੀ ਚਾਰ ਮਜ਼ਦੂਰਾਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ। ਜਾਣਕਾਰੀ ਮੁਤਾਬਕ ਘਾਟੀ 'ਚ ਕੁੱਲ 7 ਲੋਕ ਅੱਤਵਾਦੀਆਂ ਦਾ ਸ਼ਿਕਾਰ ਹੋਏ। ਇਨ੍ਹਾਂ ਵਿੱਚ ਪੁਲਵਾਮਾ ਵਿੱਚ ਚਾਰ ਬਾਹਰੀ ਮਜ਼ਦੂਰ, ਸ੍ਰੀਨਗਰ ਵਿੱਚ ਸੀਆਰਪੀਐਫ ਦੇ ਦੋ ਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ ਅਵੰਤੀਪੋਰਾ ਦੇ ਤਰਾਲ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ।
ਜੰਮੂ-ਕਸ਼ਮੀਰ 'ਚ ਸਰਗਰਮ ਅੱਤਵਾਦੀ- ਅਧਿਕਾਰੀ ਮੁਤਾਬਕ ਜੰਮੂ-ਕਸ਼ਮੀਰ 'ਚ ਕੁੱਲ 172 ਅੱਤਵਾਦੀ ਸਰਗਰਮ ਹਨ। ਇਨ੍ਹਾਂ ਵਿੱਚੋਂ 93 ਸਥਾਨਕ ਹਨ ਅਤੇ ਬਾਕੀ 79 ਵਿਦੇਸ਼ੀ ਹਨ। ਇੱਕ ਰੱਖਿਆ ਬੁਲਾਰੇ ਨੇ ਭਾਰਤੀ ਸੈਨਾ ਦੀ ਉੱਤਰੀ ਕਮਾਨ ਦੁਆਰਾ ਜਾਰੀ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਕੁੱਲ 156 ਅੱਤਵਾਦੀ - 79 ਸਥਾਨਕ ਅਤੇ 77 ਵਿਦੇਸ਼ੀ - ਕਸ਼ਮੀਰ ਵਿੱਚ ਸਰਗਰਮ ਹਨ ਅਤੇ ਦੋ ਵਿਦੇਸ਼ੀ ਸਮੇਤ 16 ਹੋਰ ਜੰਮੂ ਖੇਤਰ ਵਿੱਚ ਸਰਗਰਮ ਹਨ।