ਬਿਹਾਰ/ਪਟਨਾ:ਬਿਹਾਰ ਦੀ ਰਾਜਧਾਨੀ ਪਟਨਾ 'ਚ ਸਿਰਫ ਕੁਝ ਰੁਪਏ ਲਈ ਇੱਕ ਦਲਿਤ ਮਹਿਲਾ ਨੂੰ ਗੁੰਡਿਆਂ (Dalit woman stripped in Patna) ਨੇ ਬੁਰੀ ਤਰ੍ਹਾਂ ਕੁੱਟਿਆ। ਗੁੰਡੇ ਪਹਿਲਾਂ ਔਰਤ ਨੂੰ ਘਰੋਂ ਚੁੱਕ ਕੇ ਲੈ ਗਏ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ। ਇਸ ਮਾਮਲੇ ਨੂੰ ਲੈ ਕੇ ਸੂਬੇ 'ਚ ਹੜਕੰਪ ਮਚ ਗਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ, "ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜੇਕਰ ਕੋਈ ਗਲਤ ਕਰਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਬਿਹਾਰ 'ਚ ਕਾਨੂੰਨ ਦਾ ਰਾਜ ਹੈ। ਜੋ ਵੀ ਗਲਤ ਕਰੇਗਾ ਬਚ ਨਹੀਂ ਸਕਦਾ।"
ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ: ਪੂਰੇ ਮਾਮਲੇ 'ਤੇ ਐੱਸਪੀ ਸਈਅਦ ਇਮਰਾਨ ਮਸੂਦ ਦਾ ਕਹਿਣਾ ਹੈ ਕਿ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਖੁਸਰੋਪੁਰ ਥਾਣਾ ਖੇਤਰ ਦੇ ਅਧੀਨ ਇੱਕ ਅਨੁਸੂਚਿਤ ਜਾਤੀ ਦੀ ਔਰਤ ਨਾਲ ਕੁੱਟਮਾਰ ਕੀਤੀ ਗਈ ਸੀ। ਘਟਨਾ ਐਤਵਾਰ ਦੀ ਹੈ। ਸੂਚਨਾ ਮਿਲਦੇ ਹੀ ਮਹਿਲਾ ਦੇ ਬਿਆਨ ਦਰਜ ਕਰ ਲਏ ਗਏ ਹਨ। ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਫਿਲਹਾਲ ਘਰ ਨੂੰ ਤਾਲਾ ਲਗਾ ਕੇ ਫਰਾਰ ਹਨ।
"ਅਸੀਂ ਮੁਲਜ਼ਮਾਂ ਦੇ ਸਾਰੇ ਸੰਭਾਵੀ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੇ ਹਾਂ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪੈਸਿਆਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਕੁਝ ਝਗੜਾ ਹੋਇਆ ਸੀ, ਜਿਸ ਕਾਰਨ ਮੁਲਜ਼ਮਾਂ ਨੇ ਔਰਤ ਦੀ ਕੁੱਟਮਾਰ ਕੀਤੀ। ਐਫਆਈਆਰ ਵਿੱਚ ਔਰਤ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਮੁਲਜ਼ਮਾਂ ਨੇ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਪਿਸ਼ਾਬ ਵੀ ਕਰ ਦਿੱਤਾ। ਹੁਣ ਤੱਕ ਦੀ ਜਾਂਚ ਅਨੁਸਾਰ ਪੈਸੇ ਨੂੰ ਲੈ ਕੇ ਝਗੜਾ ਅਤੇ ਔਰਤ ਦੀ ਕੁੱਟਮਾਰ ਦੀ ਪੁਸ਼ਟੀ ਹੋਈ ਹੈ। ਅਸੀਂ ਹੋਰ ਇਲਜ਼ਾਮਾਂ ਦੀ ਜਾਂਚ ਕਰ ਰਹੇ ਹਾਂ।"- ਸਈਅਦ ਇਮਰਾਨ ਮਸੂਦ, ਐੱਸ.ਪੀ.