ਕੋਲਕਾਤਾ: ਕੋਲਕਾਤਾ ਹਾਈ ਕੋਰਟ ਨੇ ਵੀਰਵਾਰ ਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ ਵੱਲੋਂ ਸ਼ਾਂਤੀਨਿਕੇਤਨ ਵਿੱਚ ਸਥਿਤ ਉਨ੍ਹਾਂ ਦੇ ਜੱਦੀ ਨਿਵਾਸ 'ਪ੍ਰਤੀਚੀ' ਵਿੱਚ ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਅਮਰਤਿਆ ਸੇਨ ਨੂੰ ਕੁਝ ਜ਼ਮੀਨ ਤੋਂ ਬੇਦਖ਼ਲ ਕਰਨ ਦੀ ਸੰਭਾਵਿਤ ਕਾਰਵਾਈ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਸੇਨ ਨੇ ਵਿਸ਼ਵ ਭਾਰਤੀ ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਬੇਦਖ਼ਲੀ ਨੋਟਿਸ ਦੇ ਵਿਰੁੱਧ ਕੋਲਕਾਤਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ ਵਿੱਚ ਉਸਨੂੰ ਸ਼ਾਂਤੀਨਿਕੇਤਨ ਵਿੱਚ ਆਪਣੇ ਜੱਦੀ ਘਰ ਦੀ 0.13 ਏਕੜ ਜ਼ਮੀਨ 6 ਮਈ ਤੱਕ ਖਾਲੀ ਕਰਨ ਲਈ ਕਿਹਾ ਗਿਆ ਸੀ।
ਸੰਭਾਵਿਤ ਬੇਦਖਲੀ ਦੀ ਕਾਰਵਾਈ: ਵਿਸ਼ਵ ਭਾਰਤੀ ਯੂਨੀਵਰਸਿਟੀ ਦਾ ਇਲਜ਼ਾਮ ਹੈ ਕਿ ਸੇਨ ਨੇ 0.13 ਏਕੜ ਜ਼ਮੀਨ 'ਤੇ 'ਗੈਰ-ਕਾਨੂੰਨੀ ਕਬਜ਼ਾ' ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਸੇਨ ਨੇ ਨਿਰਧਾਰਤ ਸਮੇਂ ਅੰਦਰ ਜ਼ਮੀਨ 'ਤੇ ਕੀਤੇ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਖਾਲੀ ਨਹੀਂ ਕਰਵਾਇਆ ਤਾਂ ਉਨ੍ਹਾਂ ਨੂੰ ਉਥੋਂ ਹਟਾਉਣ ਦੀ ਕਾਰਵਾਈ ਕੀਤੀ ਜਾਵੇਗੀ। ਜਸਟਿਸ ਬਿਭਾਸ ਰੰਜਨ ਡੇਅ ਦੀ ਬੈਂਚ ਨੇ ਸੇਨ ਦੇ ਖਿਲਾਫ ਸੰਭਾਵਿਤ ਬੇਦਖਲੀ ਦੀ ਕਾਰਵਾਈ 'ਤੇ ਅੰਤ੍ਰਿਮ ਰੋਕ ਦੇ ਦਿੱਤੀ ਹੈ ਜਦੋਂ ਤੱਕ ਬੀਰਭੂਮ ਦੀ ਹੇਠਲੀ ਅਦਾਲਤ ਇਸ ਸਬੰਧ ਵਿੱਚ ਇੱਕ ਪਟੀਸ਼ਨ ਦੀ ਸੁਣਵਾਈ ਨਹੀਂ ਕਰਦੀ।