ਨਵੀਂ ਦਿੱਲੀ: ਭਾਜਪਾ ਸਾਂਸਦ ਸੰਨੀ ਦਿਓਲ ਨੇ ਆਪਣੇ ਕੰਮ ਨਾਲ ਲੋਕਾਂ ਦਾ ਦਿਲ ਜਿੱਤਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਸੰਨੀ ਦਿਓਲ ਦੀ ਬਦੌਲਤ ਕੁਵੈਤ ਵਿੱਚ ਫ਼ਸੀ ਪੰਜਾਬ ਦੀ ਇੱਕ ਮਹਿਲਾ ਭਾਰਤ ਪਰਤ ਗਈ ਹੈ। ਪੰਜਾਬ ਦੀ ਵਸਨੀਕ ਵੀਨਾ ਕਿਸੇ ਕਾਰਨ ਕੁਵੈਤ ਵਿੱਚ ਫ਼ਸ ਗਈ ਸੀ, ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੰਨੀ ਦਿਉਲ ਕੋਲੋਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ ਸੀ।
ਇਸ ਮੁੱਦੇ ਉੱਤੇ ਕੰਮ ਕਰਦੇ ਹੋਏ ਸੰਨੀ ਦਿਓਲ ਨੇ ਭਾਰਤੀ ਸਫ਼ਾਰਤਖਾਨੇ ਦੇ ਸਹਿਯੋਗ ਨਾਲ ਮਹਿਲਾ ਜਾ ਕੁਵੈਤ ਵਿੱਚ ਪਤਾ ਕਰਵਾ ਕੇ, ਉਸ ਨੂੰ ਵਾਪਸ ਲਿਆਂਦਾ ਗਿਆ ਹੈ। ਮਹਿਲਾ ਦੇ ਵਾਪਸ ਆਉਣ ਨਾਲ ਉਸ ਦੇ ਪਰਿਵਾਰਕ ਮੈਂਬਰ ਵੀ ਬੇਹੱਦ ਖੁਸ਼ ਹਨ। ਪੀੜਤ ਪਰਿਵਾਰ ਨੇ ਸੰਨੀ ਦਿਓਲ ਦੇ ਕਰਤਾਰਪੁਰ ਕੋਰੀਡੋਰ ਦੇ ਦੌਰੇ ਦੌਰਾਨ ਕੁਵੈਤ 'ਚ ਫ਼ਸੀ ਮਹਿਲਾ ਨੂੰ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾਈ ਸੀ। ਮਹਿਲਾ ਦੇ ਵਾਪਸ ਆ ਜਾਣ ਦੀ ਜਾਣਕਾਰੀ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਪਿਨ ਮਹਾਜਨ ਨੇ ਦਿੱਤੀ ਸੀ।
ਇੰਨਾ ਹੀ ਨਹੀਂ, ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨੇ ਵੀ ਉਨ੍ਹਾਂ ਦੀ ਤਾਰੀਫ਼ ਕਰਦੇ ਹੋਏ ਟਵੀਟ ਕੀਤਾ ਹੈ। ਸੰਨੀ ਦਿਓਲ ਨੂੰ ਇਸ ਕੰਮ ਲਈ ਸ਼ਾਬਾਸ਼ੀ ਦਿੰਦੇ ਹੋਏ ਧਰਮਿੰਦਰ ਨੇ ਟਵੀਟ ਕੀਤਾ, "ਨੌਕਰੀ ਸਮਝ ਕੇ, ਫ਼ਰਜ ਨਿਭਾਉਣਾ ਸੰਨੀ ਬੇਟੇ।" ਇਸ ਟਵੀਟ ਦੇ ਜ਼ਰੀਏ ਧਰਮਿੰਦਰ ਨੇ ਸੰਨੀ ਦਿਓਲ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਲਈ ਆਗਾਹ ਕਰਦੇ ਹੋਏ ਉਨ੍ਹਾਂ ਨੂੰ ਅਸ਼ੀਰਵਾਦ ਵੀ ਦਿੱਤਾ ਹੈ।