ਸ੍ਰੀਨਗਰ : ਜੰਮੂ ਕਸ਼ਮੀਰ ਦੇ ਅਨੰਤਨਾਗ ਵਿਖੇ ਨੈਸ਼ਨਲ ਕਾਨਫਰੰਸ ਦੇ ਇੱਕ ਨੇਤਾ ਉੱਤੇ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਅੱਤਵਾਦੀਆਂ ਵੱਲੋਂ ਇਹ ਹਮਲਾ ਅਨੰਤਨਾਗ ਦੇ ਕੋਕਰਨਾਗ ਖ਼ੇਤਰ ਦੇ ਹਿੱਲਰ ਪਿੰਡ ਵਿੱਚ ਕੀਤਾ ਗਿਆ। ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦ ਨੈਸ਼ਨਲ ਕਾਨਫ਼ਰੰਸ ਸੈਯਦ ਤੌਕੀਰ ਅਹਿਮਦ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਘਰ ਵਾਪਸ ਜਾ ਰਹੇ ਸੀ।
ਹਮਲੇ ਦੇ ਦੌਰਾਨ ਨੇਤਾ ਸੈਯਦ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਅਹਿਮਦ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਪੁਲਿਸ ਕਾਂਸਟੇਬਲ ਅਹਿਮਦ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਅਤੇ ਸੁਰੱਖਿਆ ਬਲ ਵੱਲੋਂ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਭਾਲ ਜਾਰੀ ਹੈ। ਇਸ ਦੇ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਨੇ ਪੁਲਵਾਮਾ ਵਿਖੇ ਇੱਕ ਪੁਲਿਸ ਸਟੇਸ਼ਨ ਵਿੱਚ ਗ੍ਰੇਨੇਡ ਸੁੱਟਿਆ ਸੀ ਜੋ ਕਿ ਪੁਲਿਸ ਸਟੇਸ਼ਨ ਤੋਂ ਬਾਹਰ ਜਾ ਕੇ ਫੱਟਿਆ। ਇਸ ਹਮਲੇ ਵਿੱਚ 3 ਨਾਗਰਿਕ ਗੰਭੀਰ ਜ਼ਖਮੀ ਅਤੇ 2 ਜਵਾਨ ਸ਼ਹੀਦ ਹੋਏ ਸਨ।