ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਨਾਲ 107 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਦੇ ਨਾਲ ਤੂਫ਼ਾਨੀ ਹਵਾਵਾਂ ਵੀ ਚੱਲ ਰਹੀਆਂ ਹਨ। ਇਸ ਨੂੰ ਵੇਖਦਿਆਂ ਮਹਾਰਾਸ਼ਟਰ ਸਰਕਾਰ ਨੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ, ਅਗਲੇ ਤਿੰਨ ਘੰਟਿਆਂ ਦੌਰਾਨ ਮੁੰਬਈ ਵਿੱਚ ਵੱਖ-ਵੱਖ ਥਾਵਾਂ ਉੱਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਚੱਲਣਗੀਆਂ ਅਤੇ ਤੇਜ਼ ਮੀਂਹ ਵੀ ਪਵੇਗਾ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੋਲਾਬਾ ਵਿੱਚ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਜੋ ਕਿ ਬਾਅਦ 107 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਤੱਕ ਪਹੁੰਚ ਗਈਆਂ। ਸੈਂਟਰਲ ਰੇਲਵੇ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਭਾਰੀ ਮੀਂਹ ਅਤੇ ਪਾਣੀ ਭਰ ਜਾਣ ਦੀ ਸਥਿਤੀ ਵਿੱਚ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਲ ਤੋਂ ਵਾਸ਼ੀ ਅਤੇ ਮੇਲ ਲਾਈਨ ਤੋਂ ਠਾਣੇ ਤੱਕ ਟ੍ਰੇਨ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ। ਪੀਐਮ ਮੋਦੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।