ਨਵੀਂ ਦਿੱਲੀ: ਰਾਜਸਥਾਨ ਦੇ ਉਪ-ਮੁੱਖ ਮੰਤਰੀ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਖੇਮੇ ਦੇ 25 ਵਿਧਾਇਕ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਪਹੁੰਚੇ ਹਨ। ਉਧਰ ਕਾਂਗਰਸ ਪਾਇਲਟ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਰਮਿਆਨ ਪਈ ਫੁੱਟ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸੂਤਰਾਂ ਦੇ ਹਵਾਲੇ ਤੋਂ ਐਤਵਾਰ ਨੂੰ ਜਾਣਕਾਰੀ ਮਿਲੀ ਹੈ ਕਿ ਪਾਇਲਟ ਖੇਮੇ ਦੇ ਵਿਧਾਇਕ ਐਨਸੀਆਰ-ਦਿੱਲੀ ਖੇਤਰ ਦੇ ਵੱਖ-ਵੱਖ ਥਾਵਾਂ 'ਤੇ ਠਹਿਰੇ ਹੋਏ ਹਨ। ਉਨ੍ਹਾਂ ਵਿੱਚੋਂ ਇੱਕ ਦਰਜਨ ਗੁਰੂਗ੍ਰਾਮ ਵਿੱਚ ਆਈਟੀਸੀ ਗ੍ਰੈਂਡ ਵਿੱਚ ਰਹਿ ਰਹੇ ਹਨ ਅਤੇ ਕੁੱਝ ਦਿੱਲੀ ਦੇ ਆਈਟੀਸੀ ਮੌਰਿਆ ਵਿੱਚ ਰਹਿ ਰਹੇ ਹਨ।
ਇਸ ਦੌਰਾਨ ਸਚਿਨ ਪਾਇਲਟ ਪਾਰਟੀ ਦੇ ਆਪਣੇ ਦੋਸਤਾਂ ਸਮੇਤ ਕਿਸੇ ਵੀ ਕਾਂਗਰਸੀ ਆਗੂ ਦਾ ਫੋਨ ਨਹੀਂ ਚੱਕ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਨੀਵਾਰ ਦੇਰ ਰਾਤ ਨੂੰ ਕਾਂਗਰਸ ਦੇ ਖਜ਼ਾਨਚੀ ਅਹਿਮਦ ਪਟੇਲ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪਾਰਟੀ ਨੂੰ ਸ਼ਰਮਿੰਦਗੀ ਤੋਂ ਬਚਾਉਣ ਲਈ ਕਾਂਗਰਸ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਦੂਜੇ ਪਾਸੇ ਗਹਿਲੋਤ ਖੇਮੇ ਦਾ ਦਾਅਵਾ ਹੈ ਕਿ ਮੁੱਖ ਮੰਤਰੀ ਨੂੰ ਵਿਧਾਨ ਸਭਾ ਵਿੱਚ 103 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ।
ਇਹ ਵੀ ਪੜ੍ਹੋ: ਭਾਰਤ-ਚੀਨ ਤਣਾਅ: ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਕੀਤੇ ਸਵਾਲ, ਜੇ.ਪੀ ਨੱਡਾ ਨੇ ਦਿੱਤਾ ਠੋਕਵਾਂ ਜਵਾਬ
ਇਸ ਤੋਂ ਪਹਿਲਾਂ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਉਪ ਮੁੱਖ ਮੰਤਰੀ ਸਚਿਨ ਪਾਇਲਟ ਪਾਰਟੀ ਮੁਖੀ ਨੂੰ ਮਿਲਣ ਸ਼ਨੀਵਾਰ ਨੂੰ ਦਿੱਲੀ ਪਹੁੰਚੇ ਸਨ। ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਮਿਲਣ ਲਈ ਸਮਾਂ ਵੀ ਮੰਗਿਆ ਸੀ।
ਸੂਤਰਾਂ ਅਨੁਸਾਰ ਪਾਇਲਟ ਖੇਮੇ ਦੇ ਮੈਂਬਰ ਕਹੇ ਜਾਣ ਵਾਲੇ ਵਿਧਾਇਕ ਪੀ.ਆਰ. ਮੀਨਾ ਨੇ ਸੋਨੀਆ ਗਾਂਧੀ ਨਾਲ ਰਾਜਸਥਾਨ ਵਿੱਚ ਮੁਲਾਕਾਤ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਸੋਨੀਆ ਗਾਂਧੀ ਨੂੰ ਅਸ਼ੋਕ ਗਹਿਲੋਤ ਸਰਕਾਰ ਵੱਲੋਂ ਕੀਤੇ ਸੌਤੇਲੇ ਵਤੀਰੇ ਬਾਰੇ ਜਾਣੂ ਕਰਵਾਇਆ ਜਾ ਸਕੇ।
ਇਸ ਦੌਰਾਨ ਮੁੱਖ ਮੰਤਰੀ ਗਹਿਲੋਤ ਨੇ ਸ਼ਨੀਵਾਰ ਦੇਰ ਰਾਤ ਜੈਪੁਰ ਵਿਖੇ ਆਪਣੀ ਸਰਕਾਰੀ ਰਿਹਾਇਸ਼ 'ਤੇ ਆਪਣੇ ਮੰਤਰੀਆਂ ਦੀ ਇੱਕ ਬੈਠਕ ਬੁਲਾਈ ਅਤੇ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਉਨ੍ਹਾਂ ਨੂੰ ਸਮਰਥਨ ਪੱਤਰ ਦੇਣ ਲਈ ਕਿਹਾ। ਇਸ ਕੰਮ ਲਈ ਸੀਨੀਅਰ ਮੰਤਰੀ ਚੁਣੇ ਗਏ ਹਨ। ਹਾਲਾਂਕਿ, ਪਾਇਲਟ ਖੇਮੇ ਦੇ ਮੰਤਰੀ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸਨ।