ਚੰਡੀਗੜ੍ਹ: ਸ਼ਿਵ ਕੁਮਾਰ ਬਟਾਲਵੀ ਦਾ ਜਨਮ ਅੱਜ ਦੇ ਦਿਨ ਯਾਨੀ 23 ਜੁਲਾਈ, 1936 ਨੂੰ ਬੜਾ ਪਿੰਡ ਲੋਹਟੀਆਂ, ਤਹਿਸੀਲ ਸ਼ੰਕਰਗੜ੍ਹ, ਜ਼ਿਲ੍ਹਾ ਸਿਆਲਕੋਟ (ਪੱਛਮੀ ਪੰਜਾਬ, ਜੋ ਹੁਣ ਪਾਕਿਸਤਨ) ਵਿੱਚ ਹੋਇਆ ਸੀ। ਮੁਲਕ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਪਿੰਡ ਸੀ। ਉਸ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਗੋ ਅਤੇ ਸੇਵਾ ਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ।
ਉਸ ਦੀ ਮਾਤਾ ਸ਼ਾਂਤੀ ਦੇਵੀ ਦੀ ਆਵਾਜ਼ ਬਹੁਤ ਸੁਰੀਲੀ ਸੀ, ਉਹੀ ਸੁਰੀਲਾਪਣ ਸ਼ਿਵ ਕੁਮਾਰ ਦੀ ਆਵਾਜ਼ ਵਿੱਚ ਵੀ ਸੀ। ਸ਼ਿਵ ਕੁਮਾਰ ਨੂੰ ਖ਼ਾਸ ਤੌਰ ਉੱਤੇ ਬਿਰਹਾ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਮਰਹਾ ਦੀ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਪਿਆਰ 'ਤੇ ਕੇਂਦਰਿਤ ਹਨ। ਇਸ ਕਰ ਕੇ ਸਿ਼ਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਕਿਹਾ ਜਾਂਦਾ ਹੈ
ਸ਼ਿਵ ਕੁਮਾਰ ਦੀ ਪੜ੍ਹਾਈ ਅਤੇ ਨੌਕਰੀ
ਸ਼ਿਵ ਕੁਮਾਰ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ 'ਲੋਹਤੀਆਂ' ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਸੰਨ 1953 ਵਿੱਚ ਸਿ਼ਵ ਨੇ ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲਾ ਤੋਂ ਦਸਵੀਂ ਪਾਸ ਕੀਤੀ। ਉਸ ਦੇ ਪਿਤਾ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉਚ ਵਿਦਿਆ ਦਵਾ ਕੇ ਇੱਕ ਕਾਰੋਬਾਰੀ ਬਣਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਦੌਰਾਨ ਬਿਨ੍ਹਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਲਈ ਉਸ ਨੇ ਤਿੰਨ ਕਾਲਜ ਬਦਲੇ। ਪਹਿਲਾਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿੱਚ 'ਐਫ.ਐਸ.ਸੀ.' ਵਿੱਚ ਦਾਖ਼ਲਾ ਲਿਆ ਅਤੇ ਪੇਪਰਾਂ ਤੋਂ ਪਹਿਲਾਂ ਹੀ ਛੱਡ ਦਿੱਤਾ।
ਫ਼ਿਰ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ ਵਿੱਚ ਦਾਖ਼ਿਲ ਹੋਇਆ, ਪਰ ਕੁਝ ਹੀ ਮਹੀਨਿਆਂ ਪਿੱਛੋਂ ਮੁੜ ਆਇਆ ਤੇ ਆਰਟਸ ਵਿਸ਼ਿਆਂ ਨਾਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਦਾਖ਼ਲਾ ਲੈ ਲਿਆ। ਉਥੇ ਵੀ ਇਮਤਿਹਾਨ ਨਾ ਦਿੱਤਾ ਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜ਼ਿਲ੍ਹਾ ਕਾਂਗੜਾ ਦੇ ਇੱਕ ਸਕੂਲ ਵਿੱਚ ਓਵਰਸੀਅਰ ਦੇ ਕੋਰਸ ਵਿੱਚ ਦਾਖ਼ਲਾ ਲੈ ਲਿਆ।
ਫ਼ਿਰ ਉਸਦੇ ਪਿਤਾ ਨੇ ਸ਼ਿਵ ਕੁਮਾਰ ਨੂੰ ਪਟਵਾਰੀ ਲਵਾ ਦਿੱਤਾ ਪਰ 1961 ਵਿੱਚ ਉਸਨੇ ਇਸ ਨੌਕਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਅਤੇ 1966 ਤੱਕ ਬੇਰੁਜ਼ਗਾਰ ਹੀ ਰਿਹਾ। ਪਿਤਾ ਕੋਲੋਂ ਉਹ ਕੋਈ ਖ਼ਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ’ਤੇ ਹੀ ਗੁਜ਼ਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰਾਂ ਵਿੱਚ ਹੀ ਬਿਤਾਉਂਦਾ। ਆਖ਼ਰ 1966 ਵਿੱਚ ਰੋਜੀ-ਰੋਟੀ ਦੇ ਉਪਰਾਲੇ ਵਜੋਂ ਉਸਨੇ 'ਸਟੇਟ ਬੈਂਕ ਆਫ਼ ਇੰਡੀਆ' ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਲੈ ਲਈ।
5 ਫ਼ਰਵਰੀ 1967 ਨੂੰ ਸ਼ਿਵ ਦਾ ਵਿਆਹ, ਗੁਰਦਾਸਪੁਰ ਜ਼ਿਲ੍ਹੇ ਦੇ ਹੀ ਇੱਕ ਪਿੰਡ 'ਕੀੜੀ ਮੰਗਿਆਲ' ਦੀ ਅਰੁਣਾ ਨਾਲ ਹੋ ਗਿਆ। ਉਸਦਾ ਵਿਆਹੁਤਾ ਜੀਵਨ ਖ਼ੁਸ਼ ਅਤੇ ਹਰ ਪੱਖੋਂ ਠੀਕ-ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਬਟਾਲਵੀ ਅਤੇ ਧੀ ਪੂਜਾ ਨੇ ਜਨਮ ਲਿਆ। ਸ਼ਿਵ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਸੰਨ 1968 ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ। ਚੰਡੀਗੜ੍ਹ ਆ ਕੇ ਵੀ ਸ਼ਿਵ ਨੇ ਬੈਂਕ ਦੀ ਨੌਕਰੀ ਵਿੱਚ ਕੋਈ ਦਿਲਚਸਪੀ ਨਾ ਵਿਖਾਈ। ਉਹ 21 ਸੈਕਟਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਤੇ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਹੀ ਕੰਮ ’ਤੇ ਜਾਇਆ ਕਰਦਾ ਸੀ।
ਲਿਖੀਆਂ ਪ੍ਰਸਿੱਧ ਰਚਨਾਵਾਂ
- ਪੀੜਾਂ ਦਾ ਪਰਾਗਾ
- ਮੈਨੂੰ ਵਿਦਾ ਕਰੋ
- ਗਜ਼ਲਾਂ ਤੇ ਗੀਤ
- ਆਰਤੀ
- ਲਾਜਵੰਤੀ
- ਆਟੇ ਦੀਆਂ ਚਿੜੀਆਂ
- ਲੂਣਾ
- ਦਰਦਮੰਦਾਂ ਦੀਆਂ ਆਹੀਂ
- ਮੈਂ ਅਤੇ ਮੈਂ
- ਅਲਵਿਦਾ
ਸ਼ਿਵ ਕੁਮਾਰ ਬਟਾਵਲੀ ਨੇ (23 ਜੁਲਾਈ 1936- 6 ਮਈ 1973) ਆਪਣੇ 37 ਸਾਲ ਤੇ ਜੀਵਨ ਵਿੱਚ ਅਜੀਹੀਆਂ ਕਵਿਤਾਵਾਂ ਲਿੱਖ ਦਿੱਤੀਆਂ ਜੋ ਅੱਜ ਵੀ ਭਾਰਤ ਤੇ ਪੰਜਾਬੀਆਂ ਦੀ ਜੁਬਾਨ ਉੱਤੇ ਰਹਿੰਦੀਆਂ ਹਨ। ਸ਼ਿਵ ਨੇ ਇੱਕ ਕਾਵਿ-ਨਾਟਕ ਲਿਖਿਆ, ਜਿਸਦਾ ਨਾਂ 'ਲੂਣਾ' ਸੀ, ਜਿਸ ਵਿੱਚ ਉਸ ਨੇ ਸੰਸਾਰ ਵਿੱਚ ਭੰਡੀ 'ਰਾਣੀ ਲੂਣਾ' ਦੇ ਚਰਿੱਤਰ ਉੱਤੇ ਲਾਏ ਦਾਗ਼ ਲਈ ਸਮਾਜ ਨੂੰ ਦੋਸ਼ੀ ਦੱਸਿਆ। ਇਹ ਉਸ ਦੀ ਸ਼ਾਹਕਾਰ ਰਚਨਾ ਸੀ, ਜਿਸ ਲਈ 'ਸਾਹਿਤ ਅਕਾਦਮੀ ਪੁਰਸਕਾਰ' ਉਸ ਨੂੰ 1967 `ਚ ਮਿਲਿਆ। ਸਿ਼ਵ ਦੀ ਤੁਲਨਾ ਅੰਗਰੇਜ਼ੀ ਦੇ ਪ੍ਰਸਿੱਧ ਕਵੀ 'ਜੌਨ ਕੀਟਸ' ਨਾਲ ਕੀਤੀ ਜਾਂਦੀ ਸੀ, ਉਸ ਦੇ ਵਾਂਗ ਹੀ ਭਰੀ ਜਵਾਨੀ ਵਿੱਚ ਇਹ ਦੁਨੀਆਂ ਨੂੰ ਅਲਵਿਦਾ ਕਹਿ ਗਿਆ।