ਨਵੀਂ ਦਿੱਲੀ: ਜੇਈਈ (ਮੇਨ) 2020 ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ ਜਿਸ ਵਿੱਚ 24 ਵਿਦਿਆਰਥੀਆਂ ਨੇ 100 ਫੀਸਦੀ ਦਾ ਸਕੋਰ ਹਾਸਲ ਕੀਤਾ ਹੈ। 100 ਪ੍ਰਤੀਸ਼ਤ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚੋਂ ਸਭ ਤੋਂ ਵੱਧ ਅੱਠ ਵਿਦਿਆਰਥੀ ਤੇਲੰਗਾਨਾ ਦੇ ਹਨ।
ਦਿੱਲੀ ਦੇ ਪੰਜ, ਰਾਜਸਥਾਨ ਦੇ ਚਾਰ, ਆਂਧਰਾ ਪ੍ਰਦੇਸ਼ ਦੇ ਤਿੰਨ, ਹਰਿਆਣਾ ਦੇ ਦੋ ਅਤੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਇਕ-ਇਕ ਵਿਦਿਆਰਥੀ ਨੇ 100 ਫੀਸਦੀ ਸਕੋਰ ਹਾਸਲ ਕੀਤਾ ਹੈ।
ਸਾਂਝੀ ਦਾਖਲਾ ਪ੍ਰੀਖਿਆ (ਜੇਈਈ) ਦੀ ਮੁੱਖ ਪ੍ਰੀਖਿਆ 1 ਤੋਂ 6 ਸਤੰਬਰ ਦੇ ਵਿਚਕਾਰ ਹੋਈ। ਆਈਆਈਟੀ, ਐਨਆਈਟੀ ਅਤੇ ਕੇਂਦਰ ਸਰਕਾਰ ਦੁਆਰਾ ਫੰਡ ਕੀਤੀਆਂ ਇੰਜੀਨੀਅਰਿੰਗ ਸੰਸਥਾਵਾਂ ਵਿਚ ਦਾਖਲੇ ਲਈ ਕੁੱਲ 8.58 ਲੱਖ ਵਿਦਿਆਰਥੀਆਂ ਨੇ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿਚੋਂ ਲਗਭਗ 74 ਫੀਸਦੀ ਨੇ ਹੀ ਪ੍ਰੀਖਿਆ ਦਿੱਤੀ ਸੀ।
ਜੇਈਈ ਮੇਨ ਦੀ ਪ੍ਰੀਖਿਆ ਇਕ ਅਤੇ ਦੋ ਦੇ ਨਤੀਜੇ ਦੇ ਅਧਾਰ 'ਤੇ ਚੋਟੀ ਦੇ 2.45 ਲੱਖ ਵਿਦਿਆਰਥੀ ਜੇਈਈ-ਐਡਵਾਂਸਡ ਪ੍ਰੀਖਿਆ ਵਿਚ ਬੈਠ ਸਕਣਗੇ। ਜੇਈਈ ਐਡਵਾਂਸਡ ਪ੍ਰੀਖਿਆ 27 ਸਤੰਬਰ ਨੂੰ ਤੈਅ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਪਾਸ ਹੋਣ ਵਾਲੇ ਵਿਦਿਆਰਥੀ ਆਈਆਈਟੀ ਵਿਚ ਦਾਖਲਾ ਲੈ ਸਕਣਗੇ।
ਇੰਜੀਨੀਅਰਿੰਗ ਕਾਲਜਾਂ ਵਿੱਚ ਅੰਡਰਗ੍ਰੈਜੁਏਟ ਕੋਰਸਾਂ (ਆਰਕੀਟੈਕਚਰ, ਯੋਜਨਾਬੰਦੀ ਆਦਿ) ਵਿੱਚ ਦਾਖਲੇ ਲਈ ਜੇਈਈ (ਮੇਨ) 2020 ਦਾ ਆਯੋਜਨ 1 ਸਤੰਬਰ ਤੋਂ 6 ਸਤੰਬਰ ਤੱਕ ਕੀਤਾ ਗਿਆ। ਜੇਈਈ (ਮੇਨ) ਨਤੀਜਾ ਜਾਰੀ ਕਰਨ ਦੀ ਸੰਭਾਵਤ ਤਾਰੀਖ ਜੇਈਈ ਐਡਵਾਂਸਡ ਦੀ ਵੈਬਸਾਈਟ 'ਤੇ ਦਿੱਤੀ ਗਈ ਹੈ। ਜੁਆਇੰਟ ਸੀਟ ਅਲਾਕੇਸ਼ਨ ਅਥਾਰਟੀ (ਜੋਐਸਏਏ) ਵੱਲੋਂ ਸੀਟਾਂ ਦੀ ਅਲਾਟਮੈਂਟ ਲਈ ਕਾਉਂਸਲਿੰਗ ਦਾ ਪ੍ਰੋਗਰਾਮ ਵੀ ਐਲਾਨਿਆ ਗਿਆ ਹੈ।
ਦੱਸ ਦਈਏ ਕਿ ਜੇਈਈ (ਮੇਨ) ਸਾਲ ਵਿੱਚ ਦੋ ਵਾਰ ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ ਜੇਈਈ (ਮੇਨ) ਦੀ ਪਹਿਲੀ ਪ੍ਰੀਖਿਆ ਜਨਵਰੀ 2020 ਵਿਚ ਹੋਈ। ਇਸ ਤੋਂ ਬਾਅਦ ਜੇਈਈ 2020 ਦੀ ਦੂਜੀ ਪ੍ਰੀਖਿਆ ਅਪ੍ਰੈਲ ਵਿਚ ਹੋਣੀ ਸੀ ਪਰ ਕੋਰੋਨਾ ਮਹਾਂਮਾਰੀ ਦੇ ਕਾਰਨ, ਇਹ ਸਤੰਬਰ ਵਿਚ ਆਯੋਜਿਤ ਕੀਤੀ ਜਾ ਸਕੀ।