ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਦੀ ਛੇਤੀ ਰਿਹਾਈ ਲਈ ਦੁਆ ਕਰ ਰਹੇ ਹਨ। ਉਹ ਉਮੀਦ ਕਰਦੇ ਹਨ ਕਿ ਉਹ ਕਸ਼ਮੀਰ ਦੇ ਹਾਲਾਤ ਨੂੰ ਆਮ ਬਣਾਉਣ ਵਿੱਚ ਯੋਗਦਾਨ ਦੇਣਗੇ।
ਮੋਦੀ ਸਰਕਾਰ ਨੇ ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਅਨੁਛੇਦ 370 ਨੂੰ ਮਨਸੂਖ਼ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ (ਜੰਮੂ-ਕਸ਼ਮੀਰ, ਲਦਾਖ਼) ਵਿੱਚ ਵੰਡ ਦਿੱਤਾ ਸੀ। ਇਸ ਵੇਲੇ ਸਾਵਧਾਨੀ ਦੇ ਤੌਰ ਤੇ ਜੰਮੂ-ਕਸ਼ਮੀਰ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਫ਼ਾਰੁਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸਮੇਤ ਕਈ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ।
ਹਾਲਾਂਕਿ ਥੋੜਾ ਸਮਾਂ ਬੀਤਣ ਤੋਂ ਬਾਅਦ ਕਈ ਨੇਤਾਵਾਂ ਨੂੰ ਤਾਂ ਰਿਹਾਅ ਕਰ ਦਿੱਤਾ ਗਿਆ ਪਰ ਇਨ੍ਹਾਂ ਤਿੰਨਾਂ ਸਾਬਕਾ ਮੁੱਖ ਮੰਤਰੀਆਂ ਨੂੰ ਹਾਲੇ ਤੱਕ ਨਜ਼ਰਬੰਦ ਰੱਖਿਆ ਗਿਆ ਹੈ।
ਫਾਰੁਕ ਅਬਦੁੱਲਾ ਨੂੰ ਸਤੰਬਰ ਵਿੱਚ ਪੀਐਸਏ ਦੇ ਤਹਿਤ ਨਜ਼ਰਬੰਦ ਕੀਤਾ ਗਿਆ ਅਤੇ ਇਸ ਤੋਂ ਕੁਝ ਸਮਾਂ ਬਾਅਦ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨੂੰ ਵੀ ਇਸੇ ਹੀ ਕਾਨੂੰਨ ਤਹਿਤ ਹਿਰਾਸਤ ਵਿੱਚ ਲਿਆ ਗਿਆ। ਸਰਕਾਰ ਦਾ ਪੱਖ ਹੈ ਕਿ ਉਨ੍ਹਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਨੂੰ ਨਜ਼ਰਬੰਦ ਰੱਖਿਆ ਹੈ।
ਸਿੰਘ ਨੇ ਸਮਾਚਾਰ ਏਜੰਸੀ ਏਆਈਐਨਐਸ ਨੂੰ ਕਿਹਾ, "ਕਸ਼ਮੀਰ ਸਾਂਤੀਪੂਰਵਕ ਰਿਹਾ ਹੈ। ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਆ ਰਿਹਾ ਹੈ। ਸੁਧਾਰ ਦੇ ਨਾਲ-ਨਾਲ ਇੰਨ੍ਹਾਂ ਫ਼ੈਸਲਿਆਂ (ਨਜ਼ਰਬੰਦ ਨੇਤਾਵਾਂ) ਨੂੰ ਵੀ ਅੰਤਮ ਰੂਪ ਦਿੱਤਾ ਜਾਵੇਗਾ। ਸਰਕਾਰ ਨੇ ਕਿਸੇ ਨੂੰ ਵੀ ਤਸੀਹੇ ਨਹੀਂ ਦਿੱਤੇ ਹਨ।
ਸਰਕਾਰ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਕਸ਼ਮੀਰ ਦੇ ਹਿੱਤਾਂ ਨੂੰ ਵੇਖਦੇ ਹੋਏ ਕੁਝ ਫ਼ੈਸਲੇ ਲਏ ਗਏ ਹਨ। ਹਰ ਕਿਸੇ ਨੂੰ ਇਨ੍ਹਾਂ ਦਾ ਸਵਾਗਤ ਕਰਨਾ ਚਾਹੀਦਾ ਹੈ।
ਸਿੰਘ ਨੇ ਕਿਹਾ ਕਿ ਉਹ ਫਾਰੁਕ ਅਬਦੁੱਲਾ ਅਤੇ ਮੁਫਤੀ ਦੀ ਰਿਹਾਈ ਲਈ ਦੁਆ ਕਰਨਗੇ। ਉਨ੍ਹਾਂ ਕਿਹਾ, "ਮੈਂ ਇਹ ਦੁਆ ਕਰਦਾ ਹਾਂ ਕਿ ਜਦੋਂ ਉਹ ਬਾਹਰ ਆਉਣ ਤਾਂ ਕਸ਼ਮੀਰ ਦੀ ਸਥਿਤੀ ਨੂੰ ਸੁਧਾਰਨ ਲਈ ਯੋਗਦਾਨ ਦੇਣ।"