ਨਵੀਂ ਦਿੱਲੀ: ਕੇਂਦਰੀ ਮੰਤਰੀ ਤੇ ਭਾਜਪਾ ਆਗੂ ਗਿਰੀਰਾਜ ਸਿੰਘ ਨੇ ਸ਼ਾਹੀਨ ਬਾਗ ਵਿੱਚ ਹੋ ਰਹੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਗਿਰੀਰਾਜ ਸਿੰਘ ਨੇ ਟਵੀਟ ਕਰਕੇ ਕਿਹਾ, "ਇਹ ਸ਼ਾਹੀਨ ਬਾਗ ਹੁਣ ਸਿਰਫ਼ ਇੱਕ ਅੰਦੋਲਨ ਨਹੀਂ ਰਿਹਾ, ਸੁਸਾਈਡ ਬੌਂਬਰਾਂ ਦਾ ਜਥਾ ਬਣਦਾ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਵਿਚ ਦੇਸ਼ ਵਿਰੁੱਧ ਸਾਜਿਸ਼ ਹੋ ਰਹੀ ਹੈ।"
ਤੁਹਾਨੂੰ ਦੱਸ ਦੇਈਏ ਕਿ ਗਿਰੀਰਾਜ ਸਿੰਘ ਨੇ ਹਾਲ ਹੀ ਵਿੱਚ ਏਆਈਐਮਆਈਐਮ ਦੇ ਮੁਖੀ ਅਸਾਦੁਦੀਨ ਓਵੈਸੀ ਉੱਤੇ ਦੋਸ਼ ਲਾਇਆ ਸੀ ਕਿ ਉਹ ਜਾਮੀਆ ਮਿਲਿਆ ਇਸਲਾਮੀਆ ਤੇ ਏਐਮਯੂ ਵਰਗੇ ਵਿਦਿਅਕ ਅਦਾਰਿਆਂ ਵਿੱਚ ਦੇਸ਼ ਵਿਰੁੱਧ ‘ਜ਼ਹਿਰ’ ਘੋਲ ਰਹੇ ਹਨ।
ਉਨ੍ਹਾਂ ਵੀ ਕਿਹਾ ਕਿ ਅਜਿਹੇ ਲੋਕਾਂ ਨੇ ਪਾਕਿਸਤਾਨ ਬਣਾਇਆ ਹੈ। ਸਿੰਘ ਨੇ ਟਵੀਟ ਕੀਤਾ ਸੀ, "ਓਵੈਸੀ ਵਰਗੇ ਕੱਟੜਪੰਥੀ ਜਾਮੀਆ ਤੇ ਏਐਮਯੂ ਵਰਗੀਆਂ ਸੰਸਥਾਵਾਂ ਵਿਚ ਦੇਸ਼ ਵਿਰੁੱਧ ਜ਼ਹਿਰ ਘੋਲ ਕੇ ਗੱਦਾਰਾਂ ਦੀ ਫ਼ੌਜ ਤਿਆਰ ਕਰ ਰਹੇ ਹਨ।" ਓਵੈਸੀ ਤੇ ਉਨ੍ਹਾਂ ਵਰਗੇ ਹੋਰ ਸੰਵਿਧਾਨ ਦੇ ਵਿਰੋਧੀਆਂ ਨੂੰ ਰੋਕਣਾ ਹੋਵੇਗਾ। ਭਾਰਤੀ ਹੁਣ ਜਾਗ ਪਏ ਹਨ।"
ਇੱਥੇ ਦੱਸਣਾ ਬਣਦਾ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਸੀਏਏ ਦੇ ਵਿਰੋਧ ਵਿੱਚ ਲਗਭਗ 50 ਦਿਨਾਂ ਤੋਂ ਪ੍ਰਦਰਸ਼ਨ ਜਾਰੀ ਹੈ, ਤੇ ਜਿਸ ਵਿਰੁੱਧ ਸਿਆਸਤ ਭੱਖਦੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਆਸੀ ਆਗੂਆਂ ਦੇ ਦਿਨ-ਬ-ਦਿਨ ਨਵੇਂ ਤੋਂ ਨਵਾਂ ਬਿਆਨ ਸਾਹਮਣੇ ਆ ਰਿਹਾ ਹੈ, ਹੁਣ ਵੇਖਣਾ ਹੋਵੇਗਾ ਕੀ ਅਜਿਹੀਆਂ ਬਿਆਨਬਾਜ਼ੀਆਂ ਹੀ ਹੁੰਦੀਆਂ ਰਹਿਣਗੀਆਂ ਜਾਂ ਫਿਰ ਇਸ ਦਾ ਕੋਈ ਹੱਲ ਵੀ ਕੱਢਿਆ ਜਾਵੇਗਾ?