17 ਦੇਸ਼ਾਂ ਦੇ ਰਾਜਦੂਤ ਜੰਮੂ-ਕਸ਼ਮੀਰ ਦੇ ਦੌਰੇ 'ਤੇ, EU ਨਹੀਂ ਹੋਇਆ ਸ਼ਾਮਲ - 17 ਦੇਸ਼ਾਂ ਦਾ ਵਫਦ
17 ਮੁਲਕਾਂ ਦੇ ਸਫੀਰਾਂ ਦਾ ਵਫਦ ਵੀਰਵਾਰ ਨੂੰ ਜੰਮੂ-ਕਸ਼ਮੀਰ ਦਾ ਦੌਰਾ ਕਰ ਰਿਹਾ ਹੈ। ਇਨ੍ਹਾਂ ਦੇਸ਼ਾਂ ਦੇ ਰਾਜਦੂਤ ਸੂਬੇ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰਨਗੇ ਤੇ ਜੰਮੂ-ਕਸ਼ਮੀਰ ਦੇ ਗਵਰਨਰ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।
ਸ੍ਰੀਨਗਰ: 17 ਦੇਸ਼ਾਂ ਦੇ ਰਾਜਦੂਤਾਂ ਦਾ ਇੱਕ ਵਫਦ ਜੰਮੂ-ਕਸ਼ਮੀਰ ਦੇ ਦੋ ਦਿਨੀਂ ਦੌਰੇ 'ਤੇ ਹੈ। ਹਾਲਾਂਕਿ ਯੂਰਪੀਅਨ ਸੰਘ ਨੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਯੂਰਪੀਅਨ ਸੰਘ ਦੇ ਰਾਜਦੂਤਾਂ ਦਾ ਕਹਿਣਾ ਹੈ ਕਿ ਉਹ ਗਾਈਡ ਟੂਰ ਨਹੀਂ ਚਾਹੁੰਦੇ ਹਨ, ਹਾਲਾਂਕਿ ਭਾਰਤ ਸਰਕਾਰ ਦੀ ਇਸ ਬਾਰੇ ਵੱਖਰੀ ਟਿੱਪਣੀ ਹੈ। ਕੇਂਦਰ ਵੱਲੋਂ ਕਿਹਾ ਗਿਆ ਹੈ ਕਿ ਯੂਰਪੀਅਨ ਸੰਘ ਦੇ ਮੈਂਬਰ ਇੱਕ ਗਰੁੱਪ 'ਚ ਦੌਰਾ ਕਰਨਾ ਚਾਹੁੰਦੇ ਸਨ ਤੇ ਜ਼ਿਆਦਾ ਮੈਂਬਰ ਹੋ ਜਾਣ ਕਾਰਨ ਉਨ੍ਹਾਂ ਦਾ ਦੌਰਾ ਸੰਭਵ ਨਹੀਂ ਹੋ ਸਕਿਆ।
17 ਦੇਸ਼ਾਂ ਦੇ ਸਫੀਰਾਂ ਦਾ ਵਫਦ ਪਹਿਲਾਂ ਸ੍ਰੀਨਗਰ ਤੇ ਫਿਰ ਜੰਮੂ ਜਾਵੇਗਾ, ਜਿਥੇ ਉਹ ਗਵਰਨਰ ਜੀਸੀ ਮੁਰਮੁ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਬਦਾਮੀ ਬਾਗ ਜਾਣਗੇ ਜਿਥੇ ਆਰਮੀ ਉਨ੍ਹਾਂ ਸੁਰੱਖਿਆ ਪ੍ਰਬੰਧ ਬਾਰੇ ਵਿਸਤਾਰ ਦੇਵੇਗੀ। ਵਫਦ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕਰੇਗਾ।
ਜੰਮੂ-ਕਸ਼ਮੀਰ ਦੌਰੇ 'ਚ ਹਿੱਸਾ ਲੈਣ ਵਾਲੇ ਦੇਸ਼ ਹਨ, ਯੂਐਸ, ਵਿਅਤਨਾਮ, ਦੱਖਣੀ ਕੋਰੀਆ, ਉਜਬੇਕਿਸਤਾਨ, ਗੁਆਨਾ, ਬ੍ਰਾਜ਼ੀਲ, ਨਾਈਜੀਰੀਆ, ਨਿਗਰ, ਅਰਜਨਟੀਨਾ, ਫਿਲੀਪੀਂਸ, ਨੋਰਵੇ, ਮੋਰੋਕੋ, ਮਾਲਦੀਵ, ਫਿਜੀ, ਟੋਗੋ, ਬੰਗਲਾਦੇਸ਼ ਤੇ ਪੇਰੂ।
ਇਸ ਯਾਤਰਾ ਤੇ ਆਸਟ੍ਰੇਲੀਆ ਤੇ ਕਈ ਖਾੜੀ ਦੇਸ਼ਾਂ ਦੇ ਸਫ਼ੀਰਾਂ ਦੇ ਆਉਣ ਦੀ ਉਮੀਦ ਸੀ ਪਰ ਉਨ੍ਹਾਂ ਸਮੇਂ ਦਾ ਹਵਾਲਾ ਦਿੰਦੇ ਹੋਏ ਆਪਣਾ ਦੌਰਾ ਰੱਦ ਕਰ ਦਿੱਤਾ।