ਨਵੀਂ ਦਿੱਲੀ: ਗਣਤੰਤਰ ਦਿਹਾੜੇ ’ਤੇ ਇਸ ਵਾਰ ਪੰਜਾਬ ਦੀ ਝਾਕੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਰਹੀ। ਇਸ ਝਾਕੀ ’ਚ ਸਿੱਖਾਂ ਦੇ 9ਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦ੍ਰਿਸ਼ਮਾਨ ਕੀਤਾ ਗਿਆ। ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ।
9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਦਰਸਾਉਂਦੀ ਸਮੁੱਚੀ ਝਾਕੀ ਚਾਰੋਂ ਪਾਸੇ ਰੂਹਾਨੀਅਤ ਦਾ ਰੰਗ ਬਿਖੇਰਦੀ ਨਜ਼ਰ ਆਈ। ਝਾਕੀ ਵਿੱਚ ਇੱਕ ਟਰੈਕਟਰ ਸ਼ਾਮਲ ਸੀ, ਜਿਸ ਦੇ ਅਗਲੇ ਹਿੱਸੇ ’ਤੇ ਪਵਿੱਤਰ ਪਾਲਕੀ ਸਾਹਿਬ ਸੁਸ਼ੋਭਿਤ ਸੀ। ਉਸ ਦੇ ਪਿੱਛੇ ਪ੍ਰਭਾਤ ਫੇਰੀ ਅਤੇ ਕੀਰਤਨ ਕਰਦੀ ਸੰਗਤ ਨਜ਼ਰ ਆਈ। ਆਖਰੀ ਹਿੱਸੇ ਵਿੱਚ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਨੂੰ ਦਿਖਾਇਆ ਗਿਆ ਹੈ, ਜੋ ਉਸ ਥਾਂ ’ਤੇ ਸਥਾਪਤ ਕੀਤਾ ਗਿਆ ਹੈ, ਜਿੱਥੇ ਭਾਈ ਲੱਖੀ ਸ਼ਾਹ ਵੰਜਾਰਾ ਜੀ ਅਤੇ ਉਨ੍ਹਾਂ ਦੇ ਪੁੱਤਰ ਨੇ ਗੁਰੂ ਸਾਹਿਬ ਜੀ ਦੇ ਬਿਨਾਂ ਸੀਸ ਵਾਲੇ ਸਰੀਰ ਦਾ ਸਸਕਾਰ ਕਰਨ ਲਈ ਆਪਣਾ ਘਰ ਸਾੜ ਦਿੱਤਾ ਸੀ।