ਨਵੀਂ ਦਿੱਲੀ: ਕੇਂਦਰੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਕਿਹਾ ਕਿ ਮਹਾਂਮਾਰੀ ਕੋਰੋਨਾ ਵਾਇਰਸ ਦਾ ਅਸਰ ਦੇਸ਼ 'ਚ ਆਰਥਿਕ ਗਤੀਵਿਧੀਆਂ 'ਤੇ ਪੈ ਸਕਦਾ ਹੈ।
ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਆਰਬੀਆਈ ਗਵਰਨਰ ਨੇ ਕਿਹਾ ਕਿ ਦੁਨੀਆ ਭਰ ਵਿੱਚ ਫੈਲ ਰਹੀ ਇਸ ਮਹਾਂਮਾਰੀ ਨਾਲ ਟੂਰੀਜ਼ਮ, ਏਅਰਲਾਈਨਜ਼ਸ, ਹੋਸਪਿਟੈਲਿਟੀ ਅਤੇ ਵਪਾਰ ਵਰਗੇ ਖੇਤਰ ਪ੍ਰਭਾਵਿਤ ਹੋ ਰਹੇ ਹਨ।
ਦਾਸ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਬੜੀ ਤੇਜ਼ੀ ਨਾਲ ਮਨੁੱਖੀ ਤ੍ਰਾਸਦੀ ਵਿੱਚ ਤਬਦੀਲ ਹੋ ਰਹੀ ਹੈ ਜਿਸ ਨਾਲ ਕਈ ਦੇਸ਼ 'ਚ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਦੁਨੀਆ ਭਰ ਦੇ ਵਿੱਤੀ ਬਾਜ਼ਾਰ ਉਤਾਰ-ਚੜਾਅ ਦਾ ਸਾਹਮਣਾ ਕਰ ਰਹੇ ਹਨ।
ਯੈੱਸ ਬੈਂਕ ਦੇ ਗ੍ਰਾਹਕਾਂ ਦਾ ਪੈਸਾ ਸੁਰੱਖਿਅਤ
ਇਸ ਤੋਂ ਇਲਾਵਾ ਯੈੱਸ ਬੈਂਕ ਸੰਕਟ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਯੈੱਸ ਬੈਂਕ ਦੇ ਗ੍ਰਾਹਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਯੈੱਸ ਬੈਂਕ 'ਤੇ ਲੱਗੀ ਪਾਬੰਦੀ ਨੂੰ 18 ਮਾਰਚ ਸਵੇਰੇ 6 ਵਜੇ ਤੋਂ ਹਟਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਯੈੱਸ ਬੈਂਕ ਗ੍ਰਾਹਕ ਜਲਦਬਾਜ਼ੀ 'ਚ ਨਿਕਾਸੀ ਕਰਨ ਤੋਂ ਪਰਹੇਜ਼ ਕਰਨ।
ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਆਰਬੀਆਈ ਤਿਆਰ
ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਦੀ ਸ਼ੁਰੂਆਤ ਵਿਚ ਆਰਬੀਆਈ ਦੀ ਐਮਪੀਸੀ ਵਿੱਚ ਇਸ ਦੇ ਅਸਰ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਆਰਬੀਆਈ ਤਿਆਰ ਹੈ।