ਬਰੇਲੀ: ਤਕਰੀਬਨ 50 ਸਾਲ ਪਹਿਲਾਂ 20 ਜੁਲਾਈ 1969 ਨੂੰ ਪਹਿਲੀ ਵਾਰ ਮਨੁੱਖ ਨੇ ਚੰਦਰਮਾ ਉੱਤੇ ਕਦਮ ਰੱਖਿਆ ਸੀ। ਪਹਿਲੀ ਵਾਰ ਚੰਦਰਮਾ ਉੱਤੇ ਕਦਮ ਰੱਖਣ ਵਾਲੇ ਸ਼ਖਸ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਸਨ। 16 ਜੁਲਾਈ 1969 'ਚ ਅਪੋਲੋ-11 ਦੀ ਲਾਂਚਿੰਗ ਹੋਈ ਸੀ ਤੇ ਨੀਲ ਆਰਮਸਟ੍ਰਾਂਗ ਇਸੇ ਮਿਸ਼ਨ ਤਹਿਤ ਚੰਨ੍ਹ 'ਤੇ ਗਏ ਸਨ। ਨੀਲ ਆਰਮਸਟ੍ਰਾਂਗ ਦੀ ਖਾਸ ਨਿਸ਼ਾਨੀ ਯੂਪੀ ਦੇ ਬਰੇਲੀ ਵਿੱਚ ਦੇਖਣ ਨੂੰ ਮਿਲੀ ਹੈ। ਬਰੇਲੀ ਦੇ ਏਮੈਨੂਅਲ ਪੈਟਰਸ ਦੇ ਕੋਲ ਨੀਲ ਆਰਮਸਟ੍ਰਾਂਗ ਦਾ ਆਟੋਗ੍ਰਾਫ਼ ਹੈ, ਜਿਹੜਾ ਉਨ੍ਹਾਂ ਸਾਂਭ ਕੇ ਰੱਖਿਆ ਹੋਇਆ ਹੈ। ਇਹ ਆਟੋਗ੍ਰਾਫ਼ ਤਕਰੀਬਨ 25 ਸਾਲ ਪੁਰਾਣਾ ਹੈ।
ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਹੋਏ ਏਮੈਨੂਅਲ ਨੇ ਦੱਸਿਆ ਕਿ ਇਹ ਗੱਲ 1993 ਦੀ ਹੈ। ਉਨ੍ਹਾਂ ਨੇ 5 ਅਗਸਤ ਨੂੰ ਨੀਲ ਆਰਮਸਟ੍ਰਾਂਗ ਦੇ ਜਨਮਦਿਨ ਮੌਕੇ ਉਨ੍ਹਾਂ ਨੂੰ ਮੁਬਾਰਕਬਾਦ ਦੇਣੀ ਚਾਹੀ। ਉਨ੍ਹਾਂ ਦੇ ਕੋਲ ਉਨ੍ਹਾਂ ਦਾ ਕੋਈ ਪਤਾ ਨਹੀਂ ਸੀ। ਇਸਦੇ ਲਈ ਉਨ੍ਹਾਂ ਨੇ ਅਮੇਰੀਕਨ ਅੰਬੈਸੀ ਤੋਂ ਉਨ੍ਹਾਂ ਦਾ ਪਤਾ ਲਿਆ ਅਤੇ ਉਨ੍ਹਾਂ ਨੂੰ ਇੱਕ ਚਿੱਠੀ ਲਿਖੀ। ਜਿਸ ਤੋਂ ਕੁਝ ਦਿਨ ਬਾਅਦ ਆਰਮਸਟ੍ਰਾਂਗ ਨੇ ਆਪਣਾ ਆਟੋਗ੍ਰਾਫ਼ ਭੇਜਿਆ, ਜਿਸ 'ਤੇ ਉਨ੍ਹਾਂ ਦੀ ਫੋਟੋ ਵੀ ਸੀ।