ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਰਾਜਧਾਨੀ ਵਿੱਚ ਕੋਵਿਡ-19 ਦੇ 75 ਫ਼ੀਸਦੀ ਮਾਮਲੇ ਬਿਨ੍ਹਾਂ ਲੱਛਣਾਂ ਵਾਲੇ ਜਾਂ ਮਾਮੂਲੀ ਲੱਛਣਾਂ ਵਾਲੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਨਿੱਜੀ ਹਸਪਤਾਲਾਂ ਦੀਆਂ ਐਂਬੂਲੈਂਸਾਂ ਮੰਗਵਾਉਣ ਦਾ ਆਦੇਸ਼ ਵੀ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਐਂਬੂਲੈਂਸਾਂ ਦੀ ਘਾਟ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ।
ਕੇਜਰੀਵਾਲ ਨੇ ਇੱਕ ਆਨਲਾਈਨ ਮੀਡੀਆ ਬ੍ਰੀਫਿੰਗ ਰਾਹੀਂ ਸੰਬੋਧਨ ਕਰਦਿਆਂ ਕਿਹਾ, "ਜਦੋਂ ਸਰਕਾਰ ਨੂੰ ਉਨ੍ਹਾਂ ਦੀ ਸੇਵਾ ਦੀ ਜ਼ਰੂਰਤ ਹੈ ਤਾਂ ਉਨ੍ਹਾਂ (ਨਿੱਜੀ ਐਂਬੂਲੈਂਸਾਂ) ਦੀ ਵਰਤੋਂ ਕਰਨੀ ਪਵੇਗੀ।
ਸਰਕਾਰ ਨੇ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹਲਕੇ ਕੋਵਿਡ-19 ਦੇ ਲੱਛਣਾਂ ਮਰੀਜ਼, ਜੋ ਆਪਣੇ ਘਰਾਂ ਵਿੱਚ ਹਨ, ਦੇ ਇਲਾਜ ਕਰਨ ਦੇ ਪ੍ਰਬੰਧ ਕੀਤੇ ਹਨ।
ਕੇਜਰੀਵਾਲ ਨੇ ਅੱਗੇ ਕਿਹਾ, "ਕੋਵਿਡ-19 ਦੇ 6,923 ਮਰੀਜ਼ਾਂ ਵਿਚੋਂ ਸਿਰਫ਼ 1,476 ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹਨ, ਬਾਕੀ ਆਪਣੇ ਘਰਾਂ ਅਤੇ ਕੋਵਿਡ-19 ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਹਨ।"