ਜੰਮੂ: ਜੰਮੂ ਕਸ਼ਮੀਰ ਦੇ ਕਿਸ਼ਤਵਾੜ 'ਚ ਬੱਦਲ ਫੱਟਣ ਕਾਰਨ ਹੁਣ ਤੱਕ ਤਕਰੀਬਨ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੰਨਾਂ ਹੀ ਨਹੀਂ ਇਸ ਹਾਦਸੇ 'ਚ ਲੱਗਭਗ 40 ਲੋਕ ਲਾਪਤਾ ਦੱਸੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਅਨੁਸਾਰ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਦੇ ਪਿੰਡ ਹੋਂਜਾਰ ਵਿੱਚ ਬੱਦਲ ਫੱਟਣ ਕਾਰਨ 4 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ 8-9 ਮਕਾਨ ਨੁਕਸਾਨੇ ਗਏ ਹਨ।
ਇਸ ਦੇ ਨਾਲ ਹੀ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਟਵੀਟ ਕੀਤਾ ਕਿ 30 ਤੋਂ 40 ਲੋਕ ਲਾਪਤਾ ਹਨ। ਐੱਸ.ਡੀ.ਆਰ.ਐੱਫ ਅਤੇ ਫੌਜ ਦੀ ਸਹਾਇਤਾ ਨਾਲ ਬਚਾਅ ਕਾਰਜ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਬੱਦਲ ਫੱਟਣ ਤੋਂ ਬਾਅਦ ਐੱਸ.ਡੀ.ਆਰ.ਐਫ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਟੀਮ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈ ਹੈ। ਭਾਰੀ ਬਾਰਸ਼ ਕਾਰਨ ਨੈਟਵਰਕ ਵੀ ਠੱਪ ਹੋ ਗਿਆ ਹੈ।
ਜੰਮੂ ਕਸ਼ਮੀਰ 'ਚ ਹੋਏ ਇਸ ਹਾਦਸੇ ਨੂੰ ਲੇਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਵੀ ਟਵੀਟ ਕਰਦਿਆਂ ਦੁੱਖ ਜਾਹਿਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੰਮੂ ਐਲ.ਜੀ ਅਤੇ ਡੀ.ਜੀ.ਪੀ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਐਸ.ਡੀ.ਆਰ.ਐਫ ਅਤੇ ਫੌਜ ਵਲੋਂ ਰਾਹਤ ਕਾਰਜ ਜਾਰੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਐਨ.ਡੀ.ਆਰ.ਐਫ ਵੀ ਘਟਨਾ ਸਥਾਨ 'ਤੇ ਪਹੁੰਚ ਰਹੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣਾ ਹੀ ਉਨ੍ਹਾਂ ਦਾ ਫਰਜ਼ ਹੈ।