ਨਵੀਂ ਦਿੱਲੀ:ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਨੇ ਲਾਰੇਂਸ ਬਿਸ਼ਨੋਈ ਗੈਂਗ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਖਬਰਾਂ ਮੁਤਾਬਕ ਮੁੱਠਭੇੜ 'ਚ ਲਾਰੈਂਸ ਗੈਂਗ ਦੇ ਦੋ ਮੈਂਬਰਾਂ ਨੂੰ ਰੋਹਿਣੀ ਸੈਕਟਰ 28-29 ਨੇੜੇ ਨਾਰਦਰਨ ਰੇਂਜ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਦਿੱਲੀ ਪੁਲਸ ਨੇ ਦੱਸਿਆ ਕਿ ਅੱਜ ਸਵੇਰੇ ਦੋ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ ਅਤੇ ਇਸ ਵਿਚ ਦੋਵਾਂ ਪਾਸਿਆਂ ਤੋਂ 2-2 ਰਾਊਂਡ ਗੋਲੀਬਾਰੀ ਹੋਈ ਪਰ ਕਿਸੇ ਨੂੰ ਗੋਲੀ ਨਹੀਂ ਲੱਗੀ। ਪੁਲਸ ਨੇ ਬੈਰੀਕੇਡ ਲਗਾ ਕੇ ਦੋ ਬਦਮਾਸ਼ਾਂ ਸੰਦੀਪ ਅਤੇ ਜਤਿਨ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਵਿੱਚ ਸੰਦੀਪ ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਹੈ ਅਤੇ ਜਤਿਨ ਦਿੱਲੀ ਦੇ ਬਾਬਾ ਹਰੀਦਾਸ ਨਗਰ ਦਾ ਰਹਿਣ ਵਾਲਾ ਹੈ। ਦੱਸ ਦੇਈਏ ਕਿ ਦੋਵੇਂ ਬਦਮਾਸ਼ ਲਾਰੇਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੁਲਜ਼ਮ ਉੱਤੇ ਕਈ ਮਾਮਲੇ ਦਰਜ:ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬਿਸ਼ਨੋਈ ਗੈਂਗ ਦੇ ਇੱਕ ਮੁੱਖ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ 'ਚੋਂ 30 ਕੈਲੀਬਰ ਦਾ ਇਕ ਚੀਨੀ ਪਿਸਤੌਲ ਅਤੇ ਛੇ ਅਣਚੱਲੇ ਕਾਰਤੂਸ ਬਰਾਮਦ ਹੋਏ ਹਨ। ਫੜੇ ਗਏ ਮੁਲਜ਼ਮ ਦੀ ਪਛਾਣ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਵਾਸੀ ਪਿੰਡ ਰਾਜਗੜ੍ਹ ਜ਼ਿਲ੍ਹਾ ਖੰਨਾ ਵਜੋਂ ਹੋਈ ਹੈ। ਮੁਲਜ਼ਮ ਪਿਛਲੇ 13-14 ਸਾਲਾਂ ਤੋਂ ਲਾਰੈਂਸ ਬਿਸ਼ਨੋਈ ਅਤੇ ਕੈਨੇਡੀਅਨ ਅੱਤਵਾਦੀ ਗੋਲਡੀ ਬਰਾੜ ਦੇ ਸੰਪਰਕ 'ਚ ਸੀ ਅਤੇ ਉਨ੍ਹਾਂ ਦੇ ਇਸ਼ਾਰੇ 'ਤੇ ਲਗਾਤਾਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ। ਉਸ ਖ਼ਿਲਾਫ਼ ਸੂਬੇ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਅਸਲਾ ਐਕਟ ਆਦਿ ਨਾਲ ਸਬੰਧਤ ਕਈ ਅਪਰਾਧਿਕ ਮਾਮਲੇ ਦਰਜ ਹਨ।