ਦੋਸਤ ਦੀ ਦੂਜੀ ਧਿਰ ਨਾਲ ਸੀ ਲੜਾਈ; ਨਾਲ ਗਏ ਨੌਜਵਾਨ ਦੀ ਮੌਤ, ਪਰਿਵਾਰ ਨੇ ਦੋਸਤਾਂ 'ਤੇ ਲਾਏ ਗੰਭੀਰ ਇਲਜ਼ਾਮ - YOUTH DIED IN CLASH
Published : Sep 7, 2024, 1:03 PM IST
ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਪਿੰਡ ਅਲੀਪੁਰ ਵਿੱਖੇ ਬੀਤੀ ਦੇਰ ਰਾਤ 2 ਧਿਰਾਂ ਦੀ ਲੜਾਈ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਨੌਜਵਾਨ ਪੁੱਤ ਦੀ ਮੌਤ ਲਈ ਇਨਸਾਫ ਦੀ ਗੁਹਾਰ ਲਗਾਈ ਹੈ। ਉਹਨਾਂ ਕਿਹਾ ਕਿ ਸਾਡੇ ਪੁੱਤਰ ਨੂੰ ਦੇਰ ਰਾਤ ਉਸ ਦਾ ਦੋਸਤ ਲੈਕੇ ਗਿਆ ਸੀ, ਪਰ ਇਸ ਤੋਂ ਬਾਅਦ ਉਸ ਦੀ ਮੌਤ ਦੀ ਖਬਰ ਹੀ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਸਾਡੇ ਪੁੱਤਰ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ, ਲੜਾਈ ਉਸ ਦੇ ਦੋਸਤ ਰਾਹੁਲ ਦੀ ਹੋਈ ਸੀ, ਪਰ ਉਕਤ ਦੋਸਤ ਨੂੰ ਕੁਝ ਵੀ ਨਹੀਂ ਹੋਇਆ। ਉਸ ਦੇ ਇੱਕ ਖਰੋਚ ਤੱਕ ਨਹੀਂ ਆਈ ਅਤੇ ਸਾਡੇ ਪੁੱਤਰ ਨੂੰ ਮਾਰ ਦਿੱਤਾ ਗਿਆ। ਦੱਸ ਦਈਏ ਕਿ ਮ੍ਰਿਤਕ ਨਿਤਿਨ ਕੁਮਾਰ ਨੂੰ ਦੋਸਤ ਰਾਹੁਲ ਆਪਣੇ ਨਾਲ ਲੈਕੇ ਗਿਆ ਸੀ, ਇਸ ਤੋਂ ਬਾਅਦ ਉਸ ਦੇ ਕਿਸੇ ਦੋਸਤ ਨੇ ਫ਼ੋਨ ਕਰਕੇ ਦੱਸਿਆ ਕਿ ਨਿਤਿਨ ਦਾ ਐਕਸੀਡੈਂਟ ਹੋ ਚੁੱਕਾ ਹੈ, ਜਦੋਂ ਉਨ੍ਹਾਂ ਜਾਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਮੁਤਾਬਿਕ ਉਹਨਾਂ ਨੂੰ ਪੁੱਤਰ ਦੇ ਕਤਲ ਦਾ ਖਦਸ਼ਾ ਹੈ ਅਤੇ ਉਹਨਾਂ ਕਿਹਾ ਕਿ ਜਦੋਂ ਤਕ ਇਨਸਾਫ ਨਹੀਂ ਮਿਲਦਾ ਉਹ ਸਸਕਾਰ ਨਹੀਂ ਕਰਨਗੇ। ਉੱਧਰ ਗੜ੍ਹਸ਼ੰਕਰ ਦੇ ਐਸ ਐਚ ਓ ਬਲਜਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।