ਥਾਈ ਬਾਕਸਿੰਗ ਖੇਡਾਂ 'ਚ ਪੰਜਾਬ ਦੀਆਂ ਦੋ ਖਿਡਾਰਣਾਂ ਨੇ ਮਾਰੀਆਂ ਮੱਲਾਂ, ਘਰ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ - THAI BOXING
Published : Feb 19, 2025, 11:29 AM IST
ਤਰਨ ਤਾਰਨ: ਕੇਰਲਾ 'ਚ ਥਾਈ ਬਾਕਸਿੰਗ ਖੇਡਾਂ ਹੋਈਆਂ, ਜਿਸ ਦੌਰਾਨ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਘੁਰਕਵਿੰਡ ਦੀਆਂ ਦੋ ਖਿਡਾਰਣਾਂ ਨੇ ਜਿੱਤ ਹਾਸਿਲ ਕੀਤੀ। ਇਨ੍ਹਾਂ ਖਿਡਾਰਣਾਂ ਦੇ ਨਾਮ ਕੁਲਵਿੰਦਰ ਕੌਰ ਅਤੇ ਪ੍ਰੀਆ ਹੈ, ਜਿਨ੍ਹਾਂ ਨੇ ਥਾਈ ਬਾਕਸਿੰਗ ਦੀਆ ਖੇਡਾਂ 'ਚ ਬਲੈਕ ਬੈਲਟ, ਗੋਲਡ ਮੈਡਲ ਅਤੇ ਟਰਾਫੀ ਜਿੱਤ ਕੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਦੋਵਾਂ ਧੀਆਂ ਦੇ ਗੇਮਾਂ ਜਿੱਤ ਕੇ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਬੱਸ ਅੱਡੇ ਤੋਂ ਢੋਲ ਵਜਾ ਅਤੇ ਭੰਗੜੇ ਪਾ ਕੇ ਧੀਆਂ ਨੂੰ ਪਿੰਡ ਲਿਆਂਦਾ ਗਿਆ। ਇਸ ਮੌਕੇ ਦੋਵਾਂ ਖਿਡਾਰਣਾਂ ਨੇ ਦੱਸਿਆ ਕਿ ਉਹ ਮਾਰਚ ਮਹੀਨੇ ਗੋਆ ਅਤੇ ਮਈ ਮਹੀਨੇ ਯੂ.ਐਸ.ਏ 'ਚ ਖੇਡਣ ਜਾ ਰਹੀਆਂ ਹਨ। ਆਪਣੀ ਜਿੱਤ ਦਾ ਕ੍ਰੇਡਿਟ ਉਨ੍ਹਾਂ ਨੇ ਪੈਸ਼ਨ ਟਾਈਗਰ ਅਕੈਡਮੀ ਤਰਨ ਤਾਰਨ ਨੂੰ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਕੋਚ ਹਰਮੀਤ ਸਿੰਘ ਟਾਈਗਰ ਦਾ ਧੰਨਵਾਦ ਵੀ ਕੀਤਾ। ਸਮੂਹ ਪਿੰਡ ਵਾਸੀਆਂ ਵੱਲੋਂ ਬੱਚਿਆਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਲੱਡੂਆਂ ਨਾਲ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।