ਫਾਜ਼ਿਲਕਾ 'ਚ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ 14 ਕਿੱਲੋ ਭੁੱਕੀ ਨਾਲ ਭਰਿਆ ਟਰੱਕ ਫੜ੍ਹਿਆ, ਮੁਲਜ਼ਮ ਮੌਕੇ ਤੋਂ ਫਰਾਰ
Published : Dec 3, 2024, 7:44 AM IST
ਫਾਜ਼ਿਲਕਾ ਸੀਆਈ ਸਟਾਫ ਨੇ ਰਾਜਸਥਾਨ ਤੋਂ ਭਾਰੀ ਮਾਤਰਾ ਵਿੱਚ ਨਸ਼ਾ ਲੈ ਕੇ ਆ ਰਹੇ ਟਰੱਕ ਨੂੰ ਕਾਬੂ ਕਰਕੇ ਮੌਕੇ ਉੱਤੇ ਹੀ 1 ਲੱਖ 71,500 ਨਸ਼ੀਲੀਆਂ ਗੋਲੀਆਂ ਅਤੇ 14 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ। ਪੁਲਿਸ ਮੁਤਾਬਿਕ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਬਰਾਮਦਗੀ ਸਬੰਧੀ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਮਾਗੀ ਲਾਲ ਬਿਸ਼ਨੋਈ ਰਾਜਸਥਾਨ ਤੋਂ ਨਸ਼ੀਲੀਆਂ ਗੋਲੀਆਂ ਅਤੇ ਚੂਰਾ ਪੋਸਤ ਟਰੱਕ ਰਾਹੀਂ ਲਿਆ ਕੇ ਪੰਜਾਬ ਵਿੱਚ ਵੇਚਦਾ ਹੈ। ਇਤਲਾਹ ਠੋਸ ਹੋਣ ਕਰਕੇ ਪੁਲਿਸ ਵੱਲੋਂ ਰਾਜਸਥਾਨ ਦੀ ਸਰਹੱਦ ਉੱਤੇ ਲੱਗਦੇ ਪਿੰਡ ਗੁੰਮਜਾਲ ਕੋਲ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਟਰੱਕ ਨੰਬਰ ਆਰਜੇ 19 ਜੀਬੀ 8879 ਨੂੰ ਰੋਕਿਆ ਤਾਂ ਮੌਕੇ ਤੋਂ ਟਰੱਕ ਚਾਲਕ ਫਰਾਰ ਹੋ ਗਿਆ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਟਰੱਕ ਚਾਲਕ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਦੀ ਲਗਾਤਾਰ ਭਾਲ ਜਾਰੀ ਹੈ।