ਦਸੂਹਾ 'ਚ ਗੋਲੀਆਂ ਨਾਲ ਭੁੰਨੀ ਮਿਲੀ ਥਾਰ; ਥਾਰ ਮਾਲਿਕ ਪਹਿਲਵਾਨ ਰਾਜੀਵ ਲਾਪਤਾ, ਪੁਲਿਸ ਜਾਂਚ 'ਚ ਜੁਟੀ - ਪਹਿਲਵਾਨ ਰਾਜੀਵ ਲਾਪਤਾ
Published : Jan 27, 2024, 6:15 PM IST
ਹੁਸ਼ਿਆਰਪੁਰ ਦੇ ਦਸੂਹਾ ਸੰਸਾਰਪੁਰ ਲਿੰਗ ਰੋਡ ਦੇ ਕਿਨਾਰੇ ਖੜ੍ਹੀ ਇੱਕ ਲਾਵਾਰਸ ਥਾਰ 'ਤੇ ਗੋਲੀਆਂ ਦੇ ਨਿਸ਼ਾਨ ਦੇਖ ਕੇ ਇਲਾਕੇ 'ਚ ਸਨਸਨੀ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਥਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਇਹ ਗੱਡੀ ਪਿੰਡ ਜਗਲਾ ਦੇ ਰਹਿਣ ਵਾਲੇ ਰਾਜੀਵ ਠਾਕੁਰ ਦੀ ਹੈ, ਜੋ ਪੇਸ਼ੇ ਤੋਂ ਪਹਿਲਵਾਨ ਹੈ। ਪਰ, ਹੁਣ ਤੱਕ ਥਾਰ ਸਵਾਰ ਰਾਜੀਵ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਰ ਵਿੱਚ ਕਰੀਬ 6 ਗੋਲੀਆਂ ਚਲਾਈਆਂ ਗਈਆਂ। ਦਸੂਹਾ ਦੇ ਡੀਐਸਪੀ ਹਰਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਸਵੇਰੇ 8.30 ਵਜੇ ਸੂਚਨਾ ਮਿਲੀ ਸੀ ਕਿ ਪਿੰਡ ਬਲਗੜਾਂ ਕੋਲ ਇੱਕ ਕਾਲੇ ਰੰਗ ਦੀ ਥਾਰ ਗੱਡੀ ਸੜਕ ’ਤੇ ਖੜ੍ਹੀ ਹੈ। ਸਾਡੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਵਾਹਨ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਦਸੂਹਾ ਹਰਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਸ਼ੱਕੀ ਜਾਪਦਾ ਹੈ ਅਤੇ ਸਾਡੀ ਟੀਮ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਵੇਗੀ। ਇਸ ਦੇ ਨਾਲ ਹੀ ਲਾਪਤਾ ਥਾਰ ਡਰਾਈਵਰ ਰਾਜੀਵ ਠਾਕੁਰ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਕੈਮਰੇ ਲੈ ਕੇ ਅੱਗੇ ਆਉਣ ਨੂੰ ਤਿਆਰ ਨਹੀਂ ਹੈ।