ਬਰਨਾਲਾ 'ਚ ਹੋਇਆ ਖੇਤੀਬਾੜੀ ਮੰਤਰੀ ਖੁੱਡੀਆਂ ਦਾ ਜਬਰਦਸਤ ਵਿਰੋਧ, ਬੀਕੇਯੂ ਡਕੌਂਦਾ ਨੇ ਦਿਖਾਈਆਂ ਕਾਲੀਆਂ ਝੰਡੀਆਂ - BKU Dakonda showed black flags
Published : Jan 20, 2024, 1:56 PM IST
|Updated : Jan 20, 2024, 4:19 PM IST
ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਵੱਲੋਂ ਪਿੰਡ ਠੀਕਰੀਵਾਲਾ ਵਿਖੇ ਪਰਜਾ ਮੰਡਲ ਲਹਿਰ ਦੇ ਮੋਢੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜੀ ਦੇ 90ਵੇਂ ਸ਼ਹੀਦੀ ਦਿਵਸ ਮੌਕੇ ਪੁੱਜੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਆਮਦ ਸਮੇਂ ਕਾਲੀਆਂ ਝੰਡੀਆਂ ਨਾਲ ਜ਼ਬਰਦਸਤ ਰੋਸ ਦਾ ਵਿਖਾਵਾ ਕੀਤਾ ਗਿਆ। ਇਸ ਮੌਕੇ ਕਿਸਾਨ ਜੱਥੇਬੰਦੀ ਵਲੋਂ ਇਹ ਰੋਸ ਪ੍ਰਦਰਸ਼ਨ ਕੁੱਲਰੀਆਂ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਪ੍ਰਤੀ ਹਕੂਮਤ ਵੱਲੋਂ ਧਾਰੀ ਚੁੱਪ ਦੇ ਰੋਸ ਵਜੋਂ ਕੀਤਾ ਗਿਆ। ਇਸ ਸਮੇਂ ਵਿਚਾਰ ਪੇਸ਼ ਕਰਦਿਆਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸੂਬਾ ਪ੍ਰਧਾਨ ਮਨਜੀਤ ਧਨੇਰ, ਜਨਰਲ ਸਕੱਤਰ ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ ਨੇ ਜ਼ਿਲ੍ਹਾ ਮਾਨਸਾ ਦੇ ਪਿੰਡ ਕੁੱਲਰੀਆਂ ਦੇ ਅਬਾਦਕਾਰ ਕਿਸਾਨਾਂ ਦੇ ਜ਼ਮੀਨ ਦੀ ਰਾਖੀ ਲਈ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਸਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕੁੱਲਰੀਆਂ ਦਾ ਸਰਪੰਚ ਪੁਲਿਸ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਦੀ ਮਿਲੀਭੁਗਤ ਨਾਲ 50 ਸਾਲ ਤੋਂ ਵੀ ਵੱਧ ਸਮੇਂ ਤੋਂ ਕਾਨੂੰਨਨ ਤੌਰ 'ਤੇ ਕਾਬਜ਼ ਕਿਸਾਨਾਂ ਨੂੰ ਜ਼ਬਰੀ ਉਜਾੜਨ 'ਤੇ ਤੁਲਿਆ ਹੋਇਆ ਹੈ। ਅਬਾਦਕਾਰ ਕਿਸਾਨਾਂ ਉੱਤੇ ਗੁੰਡਾਢਾਣੀ ਵੱਲੋਂ ਹਮਲੇ ਵੀ ਕਰਵਾ ਰਿਹਾ ਹੈ।