ਹੈਦਰਾਬਾਦ: ਔਨਲਾਈਨ ਫੂਡ ਡਿਲੀਵਰੀ ਕੰਪਨੀ Zomato ਨੇ ਆਪਣੀ ਦੋ ਸਾਲ ਪੁਰਾਣੀ 'Legends' ਸੇਵਾ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਕੰਪਨੀ ਦੀ ਇਸ ਸੇਵਾ ਰਾਹੀਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਗ੍ਰਾਹਕਾਂ ਤੱਕ ਪਹੁੰਚਾਏ ਜਾਂਦੇ ਸੀ। ਕੰਪਨੀ ਨੇ ਇਹ ਫੈਸਲਾ ਇਸ ਸਾਲ ਦੀ ਸ਼ੁਰੂਆਤ 'ਚ ਸੇਵਾ 'ਤੇ ਲਗਾਈ ਗਈ ਅਸਥਾਈ ਮੁਅੱਤਲੀ ਤੋਂ ਬਾਅਦ ਲਿਆ ਹੈ।
ਕੀ ਹੈ 'ਲੀਜੈਂਡਜ਼' ਸੇਵਾ?: ਜ਼ੋਮੈਟੋ ਨੇ ਆਪਣੀ 'ਲੀਜੈਂਡਜ਼' ਸੇਵਾ ਨੂੰ ਸਫਲ ਬਣਾਉਣ ਲਈ ਕਈ ਯਤਨ ਕੀਤੇ, ਪਰ ਕੰਪਨੀ ਦੀ ਮਾਰਕੀਟ ਦੀ ਮੰਗ ਨੂੰ ਪੂਰਾ ਕਰਨ ਵਿੱਚ ਅਸਮਰੱਥਾ ਕਾਰਨ ਇਸ ਸੇਵਾ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਜ਼ੋਮੈਟੋ ਨੇ ਸਾਲ 2021 ਵਿੱਚ ਆਪਣੀ 'Legends' ਸੇਵਾ ਦੀ ਸ਼ੁਰੂਆਤ ਕੀਤੀ ਸੀ, ਜਿਸਦਾ ਉਦੇਸ਼ ਦੇਸ਼ ਭਰ ਦੇ ਗ੍ਰਾਹਕਾਂ ਤੱਕ ਮਸ਼ਹੂਰ ਪਕਵਾਨਾਂ ਨੂੰ ਪਹੁੰਚਾਉਣਾ ਸੀ।
ਕੀ ਕਿਹਾ ਕੰਪਨੀ ਦੇ ਸੀਈਓ ਨੇ?: ਜ਼ੋਮੈਟੋ ਦੇ ਸੀਈਓ ਦੀਪਇੰਦਰ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਸ਼ੇਅਰ ਕਰਕੇ ਕੰਪਨੀ ਦੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ "ਦੋ ਸਾਲਾਂ ਦੀਆਂ ਕੋਸ਼ਿਸ਼ਾਂ ਅਤੇ ਉਤਪਾਦ-ਬਾਜ਼ਾਰ ਵਿੱਚ ਫਿੱਟ ਨਾ ਹੋਣ ਤੋਂ ਬਾਅਦ ਅਸੀਂ 'ਲੀਜੈਂਡਜ਼' ਸੇਵਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।" ਦੱਸ ਦਈਏ ਕਿ Zomato Legends ਸੇਵਾ ਨੇ ਗ੍ਰਾਹਕਾਂ ਨੂੰ ਦੂਰ ਦੇ ਸ਼ਹਿਰ ਤੋਂ ਆਈਟਮ ਆਰਡਰ ਕਰਨ ਦੀ ਸਹੂਲਤ ਦਿੱਤੀ ਸੀ।
ਇਸ ਸੇਵਾ ਰਾਹੀ ਦਿੱਲੀ ਵਿੱਚ ਬੈਠੇ ਯੂਜ਼ਰਸ ਕੋਲਕਾਤਾ ਦੇ ਰੈਸਟੋਰੈਂਟ ਤੋਂ ਖਾਣਾ ਆਰਡਰ ਕਰ ਸਕਦੇ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਅਪ੍ਰੈਲ ਵਿੱਚ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਜ਼ੋਮੈਟੋ ਨੇ ਪਿਛਲੇ ਮਹੀਨੇ 'ਇੰਟਰਸਿਟੀ ਲੈਜੇਂਡਸ' ਸੇਵਾ ਨੂੰ ਮੁੜ ਸ਼ੁਰੂ ਕੀਤਾ ਸੀ। ਕੰਪਨੀ ਨੇ ਹਰੇਕ ਡਿਲੀਵਰੀ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਲਾਭਦਾਇਕ ਬਣਾਉਣ ਲਈ ਘੱਟੋ-ਘੱਟ ਆਰਡਰ ਮੁੱਲ ਨੂੰ ਵਧਾ ਕੇ 5,000 ਰੁਪਏ ਕਰ ਦਿੱਤਾ ਹੈ।