ਅੰਮ੍ਰਿਤਸਰ: ਲੋਹੜੀ ਵਾਲੇ ਦਿਨ ਬਹੁਤ ਸਾਰੇ ਲੋਕਾਂ ਨੇ ਪਤੰਗਬਾਜ਼ੀ ਕੀਤੀ,ਇਸ ਦੌਰਾਨ ਭਾਵੇਂ ਪੁਲਿਸ ਨੇ ਚਾਈਨਾ ਡੋਰ ਉੱਤੇ ਕਾਬੂ ਪਾਉਣ ਦੇ ਦਾਅਵੇ ਕੀਤੇ ਪਰ ਇਹ ਦਾਅਵੇ ਅਜਨਾਲਾ ਵਿਖੇ ਫੇਲ੍ਹ ਹੁੰਦੇ ਹੋਏ ਦਿਖਾਈ ਦਿੱਤੇ ਹਨ। ਦਰਅਸਲ ਅਜਨਾਲਾ ਦੇ ਨਾਲ ਲੱਗਦੇ ਪਿੰਡ ਭਲਾ ਵਿਖੇ ਅੰਮ੍ਰਿਤਸਰ-ਅਜਨਾਲਾ ਮੁੱਖ ਮਾਰਗ ਉੱਤੇ ਪੈਟਰੋਲ ਪੰਪ ਨੇੜੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਗਲੇ ਵਿੱਚ ਖੂਨੀ ਚਾਈਨਾ ਡੋਰ ਫਿਰਨ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ।
ਮ੍ਰਿਤਕ ਸੀ ਤਿੰਨ ਭੈਣਾਂ ਦਾ ਇਕਲੋਤਾ ਭਰਾ, ਪੁਲਿਸ ਦੇ ਦਾਅਵੇ ਹੋਏ ਫੇਲ੍ਹ (ETV BHARAT) ਚਾਈਨਾ ਡੋਰ ਨੇ ਕੱਟਿਆ ਗਲਾ
ਪਰਿਵਾਰ ਮੁਤਾਬਿਕ 18 ਸਾਲ ਦਾ ਨੌਜਵਾਨ ਪਵਨ ਸਿੰਘ ਪਿੰਡ ਭਲਾ ਦਾ ਰਹਿਣ ਵਾਲਾ ਸੀ ਅਤੇ ਅੱਜ ਕਿਸੇ ਕੰਮ ਲਈ ਉਹ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਸ਼ਹਿਰ ਜਾ ਰਿਹਾ ਸੀ ਕਿ ਅਚਾਨਕ ਪੈਟਰੋਲ ਪੰਪ ਨੇੜੇ ਖੂਨੀ ਚਾਈਨਾ ਡੋਰ ਗਲੇ ਉੱਤੇ ਫਿਰ ਗਈ ਅਤੇ ਉਸ ਦਾ ਗਲਾ ਬੁਰੀ ਤਰ੍ਹਾਂ ਦੇ ਨਾਲ ਕੱਟਿਆ ਗਿਆ, ਇਸ ਤੋਂ ਬਾਅਦ ਪਵਨ ਨੂੰ ਨੇੜਲੇ ਸਿਵਲ ਹਸਪਤਾਲ ਅਜਨਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਡਾਕਟਰਾਂ ਦਾ ਕਹਿਣਾ ਸੀ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਨੌਜਵਾਨ ਦੀ ਮੌਤ ਹੋ ਚੁੱਕੀ ਸੀ।
ਪਰਿਵਾਰਕ ਮੈਂਬਰਾਂ ਨੇ ਲਾਏ ਇਲਜ਼ਾਮ
ਪ੍ਰਤੱਖਦਰਸ਼ੀਆਂ ਦੀ ਮੰਨੀਏ ਤਾਂ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਉਣ ਲਈ ਕਿਸੇ ਵੀ ਵਾਹਨ ਦਾ ਪ੍ਰਬੰਧ ਨਹੀਂ ਹੋ ਸਕਿਆ ਅਤੇ ਅਖੀਰ ਵਿੱਚ ਉਹ ਜ਼ਖ਼ਮੀ ਨੂੰ ਰੇਹੜੀ ਦੇ ਉੱਤੇ ਪਾਕੇ ਹੀ ਸਰਕਾਰੀ ਹਸਪਤਾਲ ਅਜਨਾਲਾ ਲੈ ਕੇ ਆਏ, ਜਿੱਥੇ ਨੌਜਵਾਨ ਨੇ ਰਾਹ ਦੇ ਵਿੱਚ ਹੀ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਹਸਪਤਾਲ ਵੱਲੋਂ ਮ੍ਰਿਤਕ ਪਵਨਦੀਪ ਨੂੰ ਵਧੀਆ ਇਲਾਜ ਨਹੀਂ ਦਿੱਤਾ ਗਿਆ ਅਤੇ ਮਰਨ ਤੋਂ ਕਾਫੀ ਚਿਰ ਬਾਅਦ ਉਸ ਦੀ ਈਸੀਜੀ ਕੀਤੀ ਗਈ। ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਮੁਲਾਜ਼ਮਾਂ ਨਾਲ ਬਹਿਸ ਵੀ ਕੀਤੀ ਗਈ ਅਤੇ ਕੁਝ ਸਮੇਂ ਲਈ ਮਹੌਲ ਤਲਖੀ ਭਰਿਆ ਹੋ ਗਿਆ ਸੀ।
ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਫਿਲਹਾਲ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਬਾਅਦ ਵਿੱਚ ਉਨ੍ਹਾਂ ਦੀ ਪਛਾਣ ਕਰਕੇ ਨਾਮਜ਼ਦ ਕਰ ਲਿਆ ਜਾਵੇਗਾ। ਪੁਲਿਸ ਨੇ ਭਰੋਸਾ ਦਿੱਤਾ ਕਿ ਉਹ ਕਿਸੇ ਵੀ ਕੀਮਤ ਉੱਤੇ ਇਸ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਣਗੇ ਨਹੀਂ ।