ਬਰਨਾਲਾ : ਡਿਪਟੀ ਕਮਿਸਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ‘ਚ ਵਿਸ਼ਵ ਤੰਬਾਕੂ ਮੁਕਤ ਦਿਵਸ ਨੂੰ ਸਮਰਪਿਤ 31 ਮਈ ਤੋਂ 21 ਜੂਨ ਤੱਕ ਵੱਖ-ਵੱਖ ਗਤੀਵਿਧੀਆਂ ਕਰਕੇ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਵੱਲੋਂ ਸਾਂਝੀ ਕੀਤੀ ਗਈ। ਡਾ. ਹਰਿੰਦਰ ਸਰਮਾ ਨੇ ਦੱਸਿਆ ਕਿ ਇਸ ਸਾਲ ਦਿਵਸ “ ਨਬਾਲਿਗਾਂ ਨੂੰ ਤੰਬਾਕੂ ਉਪਯੋਗ ਤੋਂ ਬਚਾਉਣਾ" ਵਿਸ਼ੇ ਅਧੀਨ ਮਨਾਇਆ ਜਾ ਰਿਹਾ ਹੈ।
ਸਹਾਇਕ ਸਿਵਲ ਸਰਜਨ ਡਾ. ਮਨੋਹਰ ਲਾਲ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਪ੍ਰਵੇਸ ਕੁਮਾਰ ਨੇ ਦੱਸਿਆ ਕਿ ਜਿਆਦਾਤਰ ਨਸ਼ਿਆਂ ਦੀ ਆਦਤ ਤੰਬਾਕੂ ਪਦਾਰਥਾਂ ਦੇ ਸੇਵਨ ਤੋਂ ਸ਼ੁਰੂ ਹੁੰਦੀ ਹੈ, ਜਿਸ ਦੀ ਸ਼ੁਰੂਆਤ ਵੀ ਕਿਸ਼ੋਰ ਅਵਸਥਾ ਤੋਂ ਹੁੰਦੀ ਹੈ।ਇਸ ਲਈ ਕਿਸ਼ੋਰ ਅਵਸਥਾ ‘ਚ ਜਾਗਰੂਕ ਕਰਨ ਦੀ ਬਹੁਤ ਜਰੂਰਤ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਤਪਿੰਦਰਜੋਤ ਕੌਸਲ, ਡਾ. ਮੋਨਿਕਾ ਬਾਂਸਲ ਜ਼ਿਲ੍ਹਾ ਨੋਡਲ ਅਫ਼ਸਰ ਅਤੇ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ਼ ਕੁਮਾਰ ਨੇ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਕੂਲ, ਕਾਲਜ, ਸਿਹਤ ਸੰਸਥਾਵਾਂ ਅਤੇ ਗਰੁੱਪ ਮੀਟਿੰਗਾਂ ਕਰਕੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। ਤੰਬਾਕੂ ਪਦਾਰਥ ਜਿਵੇਂ ਬੀੜੀ, ਸਿਗਰਟ, ਜਰਦਾ, ਖੈਣੀ, ਪਾਨ-ਮਸਾਲਾ ਆਦਿ ਦਾ ਸੇਵਨ ਬਹੁਤ ਹੀ ਖਤਰਨਾਕ ਹੈ ਇਸ ਨਾਲ ਮੂੰਹ ਅਤੇ ਛਾਤੀ ਦਾ ਕੈਂਸਰ, ਟੀਬੀ, ਸਾਹ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਅਤੇ ਹੋਰ ਬਹੁਤ ਸਾਰੀਆਂ ਮਾਰੂ ਬਿਮਾਰੀਆਂ ਲੱਗ ਜਾਂਦੀਆਂ ਹਨ। ਤੰਬਾਕੂ ਕੰਟਰੋਲ ਕੰਟਰੋਲ ਐਕਟ 2003 ਅਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਉਲੰਘਣਾ ਕਰਨ ਵਾਲੇ ਵਿਆਕਤੀਆਂ ਅਤੇ ਦੁਕਾਨਦਾਰਾਂ ਨੂੰ ਸਮੇਂ-ਸਮੇਂ ‘ਤੇ ਸਿਹਤ ਕਰਮਚਾਰੀਆਂ ਵੱਲੋਂ ਜੁਰਮਾਨਾ ਕੀਤਾ ਜਾਂਦਾ ਹੈ। ਡਾ. ਵੰਦਨਾ ਭਾਂਵਰੀ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਕਰਨ ਨਾਲ ਦੰਦਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ।
ਇਸ ਸਮੇਂ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ. ਸੀ. ਸੀ. ਕੋਆਰਡੀਨੇਟਰ ਵੱਲੋਂ ਤੰਬਾਕੂ ਕੰਟਰੋਲ ਐਕਟ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪ੍ਰੈਸ ਕਵਰੇਜ ਰਾਹੀਂ ਤੰਬਾਕੂ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਡਾਕਟਰੀ ਸਲਾਹ ਅਤੇ ਕਾਊਂਸਲਿੰਗ ਨਾਲ ਤੰਬਾਕੂ ਦੀ ਆਦਤ ਨੂੰ ਬਹੁਤ ਆਸਾਨੀ ਨਾਲ ਛੱਡਿਆ ਜਾ ਸਕਦਾ ਹੈ।