ਪੰਜਾਬ

punjab

ETV Bharat / state

ਕੈਂਸਰ ਵਰਗੀ ਬਿਮਾਰੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ਨੂੰ ਮੁੜ ਸੁਰਜੀਤ ਕਰਨ ਵਾਲੇ ਜਗਜੀਤ ਸਿੰਘ ਡੱਲੇਵਾਲ, ਕੀ ਉਨ੍ਹਾਂ ਦੇ ਜਿਉਂਦੇ ਜੀਅ ਬਣ ਸਕੇਗਾ MSP ਦਾ ਕਾਨੂੰਨ - WHO IS JAGJIT SINGH DALLEWAL

ਆਓ ਕੈਂਸਰ ਵਰਗੀ ਬਿਮਾਰੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ਨੂੰ ਮੁੜ ਸੁਰਜੀਤ ਕਰਨ ਵਾਲੇ ਜਗਜੀਤ ਸਿੰਘ ਡੱਲੇਵਾਲ ਦੀ ਜੀਵਨੀ ਤੇ ਮਾਰੀਏ ਨਜ਼ਰ...

JAGJIT SINGH DALLEWA
ਬੇਹੱਦ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਕਿਸਾਨ ਨੇਤਾ ਡੱਲੇਵਾਲ (ETV Bharat (ਗ੍ਰਾਫ਼ਿਕਸ ਟੀਮ))

By ETV Bharat Punjabi Team

Published : Dec 14, 2024, 6:36 PM IST

Updated : Jan 2, 2025, 6:08 PM IST

ਚੰਡੀਗੜ੍ਹ: ਕਿਸਾਨਾਂ ਦਾ ਦੂਜਾ ਅੰਦੋਲਨ ਇਸ ਸਾਲ 13 ਫਰਵਰੀ ਤੋਂ ਸ਼ੁਰੂ ਹੋ ਕੇ ਹੁਣ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਉੱਤੇ ਕਿਸਾਨਾਂ ਦੇ ਵੱਡੇ ਇਕੱਠ ਦਾ ਰੂਪ ਧਾਰਨ ਕਰ ਚੁੱਕਿਆ ਹੈ। ਕਰੀਬ 10 ਮਹੀਨਿਆਂ ਤੋਂ ਚਲੇ ਆ ਰਹੇ ਕਿਸਾਨ ਅੰਦੋਲਨ-2 ਦੀਆਂ ਤੰਦਾਂ ਵੀ ਦਿੱਲੀ ਦੀਆਂ ਬਰੂਹਾਂ 'ਤੇ ਚੱਲੇ 2020 ਦੇ ਕਿਸਾਨ ਅੰਦੋਲਨ ਦੇ ਨਾਲ ਜੁੜਦੀਆਂ ਹਨ। ਜਦੋਂ ਪੰਜਾਬ, ਹਰਿਆਣਾ ਤੇ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ 'ਤੇ ਕੇਂਦਰ ਵਿੱਚ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੱਕਾ ਮੋਰਚਾ ਲਾਇਆ ਸੀ। ਮੋਰਚੇ ਵਿੱਚ ਕਿਸਾਨਾਂ ਦੇ ਜ਼ਜਬੇ ਅੱਗੇ ਝੁਕਦਿਆਂ ਮੋਦੀ ਸਰਕਾਰ ਨੇ ਨਵੰਬਰ 2021 ਵਿੱਚ ਇਹ ਤਿੰਨੇ ਵਿਵਾਦਤ ਕਾਨੂੰਨ ਵਾਪਸ ਲੈ ਲਏ ਸਨ।

ਬੇਹੱਦ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਕਿਸਾਨ ਨੇਤਾ ਡੱਲੇਵਾਲ (FACEBOOK)



ਜਦੋਂ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਅਤੇ ਅੰਦੋਲਨ ਨੂੰ ਮੁਲਤਵੀ ਕਰਕੇ ਦਿੱਲੀ ਦੀਆਂ ਹੱਦਾਂ ਤੋਂ ਵਾਪਸ ਪਰਤੇ ਸਨ ਤਾਂ ਉਸ ਸਮੇਂ ਸਰਕਾਰ ਨੇ ਉਨ੍ਹਾਂ ਨੂੰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਅੰਦੋਲਨ ਦੌਰਾਨ ਦਰਜ ਕੀਤੇ ਗਏ ਕੇਸ ਵਾਪਸ ਲੈਣ, ਲਖੀਮਪੁਰ ਖੀਰੀ ਕਾਂਡ ਦੇ ਪੀੜ੍ਹਤਾਂ ਨੂੰ ਨਿਆਂ ਦੇਣ ਦਾ ਭਰੋਸਾ ਦੇਣ ਸਣੇ ਕੁਝ ਹੋਰ ਮੰਗਾਂ ਪੂਰੀਆਂ ਕਰਨ ਦਾ ਯਕੀਨ ਦਿਵਾਇਆ ਸੀ, ਪਰ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਦੇਣ ਲਈ ਕੋਈ ਅਜੇ ਵੀ ਕੋਈ ਸਮਾਂ-ਸੀਮਾ ਮਿੱਥੀ ਨਹੀਂ ਗਈ।


ਮਰਤ ਵਰਤ 19ਵੇਂ ਦਿਨ 'ਚ ਦਾਖਲ


ਮਜ਼ਬੂਰਨ ਹੁਣ ਪੰਜਾਬ ਦੇ ਕਿਸਾਨ ਪਿਛਲੇ 10 ਮਹੀਨਿਆਂ ਤੋਂ ਸੰਘਰਸ਼ ਉਲੀਕ ਕੇ ਬੈਠੇ ਹਨ ਅਤੇ ਖਨੌਰੀ ਬਾਰਡਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲਵਾਲ ਦਾ ਮਰਤ ਵਰਤ 19ਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ। ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੰਮੇ ਸਮੇਂ ਤੋਂ ਲੜ ਰਹੇ ਹਨ। ਉਨ੍ਹਾਂ ਦੀ ਪਿਛਲੇ ਦਿਨੀਂ ਕੀਤੀ ਗਈ ਭਾਵਨਾਤਮਕ ਅਪੀਲ ਨੇ ਪੰਜਾਬ ਹੀ ਨਹੀਂ ਦੇਸ਼ ਭਰ ਦੇ ਕਿਸਾਨਾਂ ਨੂੰ ਮੁੜ ਲਾਮਬੰਦ ਕਰਨ ਵਿੱਚ ਭੂਮਿਕਾ ਨਿਭਾਈ ਹੈ। ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਨਾ ਸਿਰਫ਼ ਕੇਂਦਰ ਸਰਕਾਰ ਬਲਕਿ ਪੂਰੇ ਕਾਰਪੋਰੇਟ ਜਗਤ ਖਿਲਾਫ਼ ਡਟ ਕੇ ਖੜ੍ਹਨ ਵਾਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਖਿਰ ਕੌਣ ਹਨ, ਜਿੰਨਾਂ ਨੇ ਦੇਸ਼ ਦੇ ਕਿਸਾਨਾਂ ਦੀ ਦਿਨ-ਬ-ਦਿਨ ਨਿਘਰ ਰਹੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਆਪਣੀ ਜਾਨ ਦੀ ਬਾਜ਼ੀ ਲਾਈ ਹੋਈ ਹੈ। ਇਕ ਸਧਾਰਨ ਕਿਸਾਨ ਵਿੱਚ ਇੰਨੀ ਦ੍ਰਿੜ ਸ਼ਕਤੀ ਕਿਵੇਂ ਆਈ, ਵਕਾਲਤ ਦੀ ਪੜ੍ਹਾਈ ਅਤੇ ਐਮਏ ਸਾਇੰਸ ਕਰਨ ਵਾਲਾ ਵਿਅਕਤੀ ਕਿਸਾਨ ਲੀਡਰ ਕਿਵੇਂ ਬਣਿਆ, ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਉੱਤੇ ਇੱਕ ਝਾਤ ਮਾਰਦੇ ਹਾਂ।

ਬੇਹੱਦ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਕਿਸਾਨ ਨੇਤਾ ਡੱਲੇਵਾਲ (FACEBOOK)



ਡੱਲੇਵਾਲ ਦਾ ਬਚਪਨ ਤੇ ਸਿੱਖਿਆ



ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਜਨਮ 4 ਅਕਤੂਬਰ 1957 ਨੂੰ ਪਿੰਡ ਡੱਲੇਵਾਲ ਵਿਖੇ ਪਿਤਾ ਹਜੂਰਾ ਸਿੰਘ ਬਰਾੜ ਦੇ ਘਰ ਮਾਤਾ ਅਜਮੇਰ ਕੌਰ ਦੀ ਕੁੱਖੋਂ ਹੋਇਆ। ਡੱਲੇਵਾਲ ਨੇ ਮੁਢਲੀ ਸਿੱਖਿਆ ਪਿੰਡ ਗੋਲੇਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਅਤੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਗੋਲੇਵਾਲਾ ਤੋਂ ਕੀਤੀ। ਕਰੀਬ 2 ਸਾਲ ਤੱਕ ਉਨ੍ਹਾਂ ਨੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਚ ਲਗਾਏ ਅਤੇ ਉੱਚ ਵਿੱਦਿਆ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਹਾਸਿਲ ਕੀਤੀ। ਉਨ੍ਹਾਂ ਨੇ ਸਾਇੰਸ ਵਿਸ਼ੇ ਵਿੱਚ ਐਮਏ ਅਤੇ ਐਲਐਲਬੀ ਤੱਕ ਦੀ ਪੜ੍ਹਾਈ ਕੀਤੀ।

ਬੇਹੱਦ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਕਿਸਾਨ ਨੇਤਾ ਡੱਲੇਵਾਲ (FACEBOOK)



ਜਗਜੀਤ ਸਿੰਘ ਡੱਲੇਵਾਲ ਦਾ ਰਾਜਸਥਾਨ ਨਾਲ ਸਬੰਧ


ਜਗਜੀਤ ਸਿੰਘ ਡੱਲੇਵਾਲ ਦੇ ਪਰਿਵਾਰ ਦਾ ਪਿਛੋਕੜ ਰਾਜਸਥਾਨ ਦੇ ਜੈਸਲਮੇਰ ਨਾਲ ਜੁੜਿਆ ਹੋਇਆ ਹੈ। ਬਗ਼ਾਵਤ ਤੇ ਦਲੇਰੀ ਡੱਲੇਵਾਲ ਦੇ ਪੁਰਖਿਆਂ ਤੋਂ ਹੀ ਉਨ੍ਹਾਂ ਨੂੰ ਮਿਲੀ ਹੈ। ਡੱਲੇਵਾਲ ਦੇ ਪੁਰਖਿਆਂ ਦੀ ਜਦੋਂ ਜੈਸਲਮੇਰ ਦੇ ਰਾਜ ਘਰਾਣੇ ਨਾਲ ਬਹੁਤੀ ਦਾਲ ਨਾ ਗਲ਼ੀ ਤਾਂ ਉਨ੍ਹਾਂ ਨੇ ਪੰਜਾਬ ਦੇ ਫਰੀਦਕੋਟ ਵਿਚ ਆ ਕੇ ਫਰੀਦਕੋਟੀਏ ਰਾਜੇ ਨਾਲ ਹੱਥ ਮਿਲਾਇਆ ਪਰ ਇਥੇ ਵੀ ਉਨ੍ਹਾਂ ਨੂੰ ਸਿਆਸਤ ਦਾ ਸ਼ਿਕਾਰ ਹੋਣਾ ਪਿਆ ਅਤੇ ਫਰੀਦਕੋਟ ਰਿਆਸਤ ਦੇ ਚੜ੍ਹਦੇ ਵਾਲੇ ਪਾਸੇ ਰਾਜੇ ਨੇ ਜੈਸਲਮੇਰ ਤੋਂ ਆਏ ਪਰਿਵਾਰਾਂ ਨੂੰ ਆਪਣੀ ਰਿਆਸਤ ਦੀ ਹੱਦ 'ਤੇ ਵਸਣ ਲਈ ਜ਼ਮੀਨ ਦਿੱਤੀ। ਰਾਜੇ ਦੀ ਸੋਚ ਸ਼ਾਇਦ ਇਹੀ ਸੀ ਕਿ ਦਰਿਆ ਪਾਰ ਤੋਂ ਆਉਣ ਵਾਲੇ ਹਮਲਾਵਰਾਂ ਨਾਲ ਇਹ ਆਪੇ ਲੜਦੇ ਰਹਿਣਗੇ ਅਤੇ ਉਸ ਦੀ ਰਿਆਸਤ ਮਹਿਫੂਜ਼ ਰਹੇਗੀ।

ਬੇਹੱਦ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਕਿਸਾਨ ਨੇਤਾ ਡੱਲੇਵਾਲ (FACEBOOK)



ਕਿਸਾਨ ਜਥੇਬੰਦੀ ਵੱਲ ਰੁਚੀ


ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਜਗਜੀਤ ਸਿੰਘ ਡੱਲੇਵਾਲ ਆਪਣੇ ਪਿਤਾ ਹਜੂਰਾ ਸਿੰਘ ਅਤੇ ਭਰਾ ਰਣਜੀਤ ਸਿੰਘ ਦੇ ਨਾਲ ਪਿੰਡ ਹੀ ਖੇਤੀ ਕਰਨ ਲੱਗੇ। ਸ਼ੁਰੂਆਤੀ ਦਿਨ੍ਹਾਂ ਵਿੱਚ ਡੱਲੇਵਾਲ ਦੀ ਕਿਸਾਨ ਜਥੇਬੰਦੀਆਂ ਵਿੱਚ ਕੋਈ ਬਹੁਤੀ ਰੁਚੀ ਨਹੀਂ ਸੀ ਉਹ ਆਪਣੇ ਖੇਤੀ ਦੇ ਕੰਮਾਂ ਵਿੱਚ ਹੀ ਮਸ਼ਰੂਫ਼ ਰਹਿੰਦੇ ਸਨ ਪਰ ਉਨ੍ਹਾਂ ਦਿਨਾਂ ਵਿੱਚ ਕਿਸਾਨੀ ਘੋਲ ਸ਼ੁਰੂ ਹੋ ਚੁੱਕਿਆ ਸੀ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹੀ ਕਿਸਾਨਾਂ ਦੀ ਅਵਾਜ਼ ਬੁਲੰਦ ਕਰਦੀ ਸੀ, ਜਿਸ ਦੀ ਪਿੰਡ ਦੀ ਇਕਾਈ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਭਰਾ ਰਣਜੀਤ ਸਿੰਘ ਸ਼ਾਮਿਲ ਹੋਏ ਸਨ ਅਤੇ ਉਨ੍ਹਾਂ ਨੂੰ ਪਿੰਡ ਦੀ ਇਕਾਈ ਦਾ ਖਜ਼ਾਨਚੀ ਲਗਾਇਆ ਗਿਆ ਸੀ। ਰਣਜੀਤ ਸਿੰਘ ਵੱਲੋਂ ਜਥੇਬੰਦੀ ਦੇ ਫੰਡਾਂ ਦੇ ਹਿਸਾਬ ਕਿਤਾਬ ਤੋਂ ਉਨ੍ਹਾਂ ਦੇ ਪਿਤਾ ਹਜੂਰਾ ਸਿੰਘ ਬਰਾੜ ਬਹੁਤੇ ਸੰਤੁਸ਼ਟ ਨਹੀਂ ਸਨ ਅਤੇ ਉਨ੍ਹਾਂ ਨੂੰ ਇਹ ਡਰ ਬਣਿਆ ਰਹਿੰਦਾ ਸੀ ਕਿ ਕਿਤੇ ਉਨ੍ਹਾਂ ਦੇ ਮੁੰਡੇ ਦਾ ਨਾਮ ਖਰਾਬ ਨਾ ਹੋਵੇ, ਪਰਿਵਾਰ ਦੀ ਇੱਜ਼ਤ 'ਤੇ ਕੋਈ ਦਾਗ ਨਾ ਲੱਗੇ ਇਸ ਲਈ ਉਨ੍ਹਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਜਥੇਬੰਦੀ ਫੰਡਾਂ ਦਾ ਹਿਸਾਬ-ਕਿਤਾਬ ਰੱਖਣ ਲਈ ਕਿਹਾ ਅਤੇ ਉਹ ਜਥੇਬੰਦੀ ਵਿੱਚ ਸ਼ਾਮਿਲ ਹੋਏ ਬਿਨਾਂ ਹੀ ਆਪਣੇ ਭਰਾ ਦੀ ਮਦਦ ਕਰਨ ਲੱਗੇ ਅਤੇ ਇਸ ਤਰ੍ਹਾਂ ਹੌਲੀ-ਹੌਲੀ ਉਨ੍ਹਾਂ ਦਾ ਰੁਝਾਨ ਜਥੇਬੰਦੀ ਵੱਲ ਵਧਣ ਲੱਗਿਆ। ਇਕ ਸਮਾਂ ਅਜਿਹਾ ਆਇਆ ਜਦੋਂ ਅਜਮੇਰ ਸਿੰਘ ਲੱਖੋਵਾਲ ਅਤੇ ਸੰਧੂਰਾ ਸਿੰਘ ਸਿੱਧੂਪੁਰ ਵੱਖ ਹੋ ਗਏ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦਾ ਗਠਨ ਹੋਇਆ। ਸਿੱਧੂਪੁਰ ਜਥੇਬੰਦੀ ਵਿੱਚ ਪਹਿਲੀਵਾਰ ਜਗਜੀਤ ਸਿੰਘ ਡੱਲੇਵਾਲ ਬਲਾਕ ਸਾਦਿਕ ਦੇ ਪ੍ਰਧਾਨ ਬਣੇ ਅਤੇ ਉਸ ਤੋਂ ਬਾਅਦ ਉਹ ਲਗਾਤਾਰ 5 ਵਾਰ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਰਹੇ। ਆਪਣੇ ਅੰਤਲੇ ਦਿਨ੍ਹਾਂ ਵਿੱਚ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਸੰਧੂਰਾ ਸਿੰਘ ਨੇ ਆਪਣੀ ਵਿਗੜਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਜਗਜੀਤ ਸਿੰਘ ਡੱਲੇਵਾਲ ਨੂੰ ਜਥੇਬੰਦੀ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਜੋ ਬਾਅਦ ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਪੱਕੇ ਤੌਰ 'ਤੇ ਪ੍ਰਧਾਨ ਬਣੇ ਅਤੇ ਅੱਜ ਤੱਕ ਹਨ।

ਬੇਹੱਦ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਕਿਸਾਨ ਨੇਤਾ ਡੱਲੇਵਾਲ (FACEBOOK)



ਡੱਲੇਵਾਲ ਦਾ ਸੰਘਰਸ਼ੀ ਸਫ਼ਰ



* ਜਗਜੀਤ ਸਿੰਘ ਡੱਲੇਵਾਲ ਜਦੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਸਾਦਿਕ ਤੋਂ ਪ੍ਰਧਾਨ ਬਣੇ ਸਨ ਤਾਂ ਉਨ੍ਹਾਂ ਨੇ ਜਥੇਬੰਦੀ ਦੀ ਮੈਂਬਰਸ਼ਿਪ 'ਤੇ ਧਿਆਨ ਦਿੱਤਾ ਅਤੇ ਵੱਡੇ ਪੱਧਰ 'ਤੇ ਕਿਸਾਨਾਂ ਨੂੰ ਜਥੇਬੰਦੀ ਨਾਲ ਜੋੜਿਆ। ਉਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੀ ਜਥੇਬੰਦੀ ਦੇ ਨਾਲ-ਨਾਲ ਹੋਰਨਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਬੜੀ ਸੰਜੀਦਗੀ ਨਾਲ ਉਠਾਇਆ ਅਤੇ ਉਨ੍ਹਾਂ ਦਾ ਹੱਲ ਕਰਵਾਇਆ। ਜ਼ਮੀਨੀ ਪੱਧਰ 'ਤੇ ਉਹ ਹਰੇਕ ਵਰਕਰ ਨਾਲ ਜੁੜੇ ਅਤੇ ਅੱਜ ਵੀ ਉਨ੍ਹਾਂ ਦੀ ਮਕਬੂਲੀਅਤ ਦਾ ਇਹੀ ਰਾਜ਼ ਹੈ ਕਿ ਉਹ ਆਪਣੇ ਹਰ ਵਰਕਰ ਅਤੇ ਅਹੁਦੇਦਾਰ ਨੂੰ ਪਛਾਣਦੇ ਹਨ ਅਤੇ ਉਨ੍ਹਾਂ ਨਾਲ ਜੁੜੇ ਰਹਿੰਦੇ ਹਨ।

* ਸਾਲ 2006 ਵਿੱਚ ਤਪਾ ਇਲਾਕੇ ਦੇ ਕਿਸਾਨੀ ਸੰਘਰਸ਼ ਦੌਰਾਨ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ 42 ਸਾਥੀਆਂ ਨੂੰ ਪੁਲਿਸ ਨੇ ਫਰੀਦਕੋਟ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਫਿਰੋਜ਼ਪੁਰ ਜੇਲ੍ਹ ਵਿੱਚ ਰੱਖਿਆ ਗਿਆ ਸੀ। ਜੇਲ੍ਹ ਅੰਦਰ ਪ੍ਰਬੰਧ ਸਹੀ ਨਾ ਹੋਣ ਕਾਰਨ ਡੱਲੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪਹਿਲੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਜੋ ਕਰੀਬ 1 ਹਫ਼ਤਾ ਚੱਲੀ ਅਤੇ ਉਨ੍ਹਾਂ ਜੇਲ ਪ੍ਰਸ਼ਾਸਨ ਦੀ ਵਧੀਕੀ ਖਿਲਾਫ਼ ਜਿੱਤ ਦਰਜ ਕੀਤੀ।

ਬੇਹੱਦ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਕਿਸਾਨ ਨੇਤਾ ਡੱਲੇਵਾਲ (FACEBOOK)
*ਇਸ ਤੋਂ ਬਾਅਦ ਡੱਲੇਵਾਲਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਚੀਮਾ ਮੰਡੀ ਵਿਖੇ ਉਸ ਵਕਤ ਮਰਨ ਵਰਤ ਪਹਿਲੀਵਾਰ ਸ਼ੁਰੂ ਕੀਤਾ ਸੀ ਜਦੋਂ ਕਿਸਾਨੀ ਮੰਗਾਂ ਲਈ ਦਿੱਲੀ ਵਿਖੇ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਸ਼ੁਤਰਾਣਾ ਵਿਖੇ ਰੋਕਿਆ ਸੀ ਅਤੇ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਸੀ ਪਰ ਇਕ ਦਿਨ ਦੇ ਮਰਨ ਵਰਤ ਤੋਂ ਬਾਅਦ ਪੁਲਿਸ ਖ਼ੁਦ ਸਾਰੇ ਕਿਸਾਨਾਂ ਨੂੰ ਰਾਮਲੀਲਾ ਗਰਾਊਂਡ ਦਿੱਲੀ ਛੱਡ ਕੇ ਆਈ ਸੀ। ਉਸ ਵਕਤ ਜੋ ਡੱਲੇਵਾਲ ਦੀ ਅਗਵਾਈ ਹੇਠ ਸੰਘਰਸ਼ ਚੱਲਿਆ ਉਸ ਦੀ ਪ੍ਰਾਪਤੀ ਇਹ ਰਹੀ ਕਿ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਅਨੁਸਾਰ ਭਾਵੇਂ ਸੁਆਮੀਨਾਥਨ ਰਿਪੋਰਟ ਤਾਂ ਲਾਗੂ ਨਹੀਂ ਸੀ ਕੀਤੀ ਪਰ ਪਹਿਲੀਵਾਰ 200 ਰੁਪਏ ਪ੍ਰਤੀ ਕੁਇੰਟਲ ਝੋਨੇ ਦੇ ਮੁੱਲ ਵਿੱਚ ਵਾਧਾ ਕੀਤਾ ਸੀ। ਉਸ ਤੋਂ ਬਾਅਦ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਟਹਿਣਾ ਟੀ-ਪੁਆਇੰਟ ਨੈਸ਼ਨਲ ਹਾਈਵੇ 'ਤੇ ਮਰਨ ਵਰਤ ਰੱਖਿਆ ਗਿਆ ਸੀ ਜਿਥੋਂ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ 10 ਦੇ ਕਰੀਬ ਅਹਿਮ ਮੰਗਾਂ ਮੰਨੀਆਂ ਸਨ। ਇਸ ਤੋਂ ਬਾਅਦ ਤੀਜੀ ਵਾਰ ਡੱਲੇਵਾਲ ਵੱਲੋਂ ਚੰਡੀਗੜ੍ਹ ਵਿਖੇ ਅਤੇ ਚੌਥੀ ਵਾਰ ਪਟਿਆਲਾ ਵਿਖੇ ਬਿਜਲੀ ਸਬੰਧੀ ਮੰਗਾਂ ਨੂੰ ਲੈ ਕੇ ਮਰਨ ਵਰਤ ਰੱਖਿਆ ਗਿਆ ਸੀ ਜੋ ਹਮੇਸ਼ਾ ਜਿੱਤ ਕੇ ਹੀ ਵਾਪਸ ਹੋਇਆ ਸੀ।* ਇਸ ਦੇ ਨਾਲ ਹੀ ਸਤੰਬਰ 2020 ਵਿੱਚ ਸ਼ੁਰੂ ਹੋਏ ਕਿਸਾਨ ਮੋਰਚੇ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਸੀ ਅਤੇ ਇਕੱਲੇ ਡੱਲੇਵਾਲ ਹੀ ਸਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਵੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਏ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦੀ ਮੰਗ 'ਤੇ ਅੜੇ ਰਹੇ ਸਨ ਅਤੇ ਇਸੇ ਮੰਗ ਨੂੰ ਲੈ ਕੇ ਹੁਣ ਮੁੜ ਤੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਪਿਛਲੇ ਇਕ ਸਾਲ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਕਰੀਬ ਇਕ ਸਾਲ ਤੱਕ ਸਰਕਾਰ ਵੱਲੋਂ ਕਿਸਾਨਾਂ ਨਾਲ ਨਾ ਤਾਂ ਕੋਈ ਗੱਲਬਾਤ ਕੀਤੀ ਗਈ ਅਤੇ ਨਾ ਹੀ ਕਿਸਾਨਾਂ ਨੂੰ ਦਿੱਲੀ ਜਾਣ ਵਾਸਤੇ ਸਹਿਮਤੀ ਜਤਾਈ ਗਈ।* ਜਗਜੀਤ ਸਿੰਘ ਡੱਲੇਵਾਲ ਕਰੀਬ 19 ਦਿਨਾਂ ਤੋਂ ਮਰਨ ਵਰਤ 'ਤੇ ਹਨ ਅਤੇ ਉਨ੍ਹਾਂ ਦੀ ਸਿਹਤ ਦਿਨੋਂ-ਦਿਨ ਖ਼ਰਾਬ ਹੋ ਰਹੀ ਹੈ ਪਰ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਵੀ ਕਿਸਾਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ।
ਬੇਹੱਦ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਕਿਸਾਨ ਨੇਤਾ ਡੱਲੇਵਾਲ (FACEBOOK)



ਡੱਲੇਵਾਲ ਦਾ ਪਰਿਵਾਰ


ਜਗਜੀਤ ਸਿੰਘ ਡੱਲੇਵਾਲ ਸਧਾਰਨ ਕਿਸਾਨ ਪਰਿਵਾਰ ਵਿਚੋਂ ਹਨ, ਕਰੀਬ 2 ਮਹੀਨੇ ਪਹਿਲਾਂ ਉਨ੍ਹਾਂ ਦੀ ਪਤਨੀ ਹਰਜੀਤ ਇੰਦਰ ਕੌਰ ਦਾ ਦੇਹਾਂਤ ਹੋ ਗਿਆ ਸੀ, ਹੁਣ ਪਰਿਵਾਰ ਵਿੱਚ ਉਨ੍ਹਾਂ ਦਾ ਲੜਕਾ, ਨੂੰਹ ਅਤੇ ਕਰੀਬ 10 ਕੁ ਸਾਲ ਦਾ ਪੋਤਾ ਹੈ। ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਸਾਰੀ ਜਾਇਦਾਦ ਆਪਣੇ ਲੜਕੇ, ਨੂੰਹ ਅਤੇ ਪੋਤੇ ਦੇ ਨਾਮ ਕਰਵਾ ਦਿੱਤੀ ਸੀ ਅਤੇ ਡੱਲੇਵਾਲ ਇਕ ਤਰ੍ਹਾਂ ਦੇ ਨਾਲ ਸਭ ਕੁਝ ਤਿਆਗ ਕੇ ਪੂਰੀ ਤਰ੍ਹਾਂ ਦੇਸ਼ ਦੇ ਕਿਸਾਨਾਂ ਨੂੰ ਸਮਰਪਤ ਹੋ ਕੇ ਮਰਨ ਵਰਤ 'ਤੇ ਬੈਠੇ ਹਨ ਅਤੇ ਇਹੀ ਸੋਚ ਹੈ ਕਿ ਦੇਸ਼ ਦੇ ਕਿਸਾਨਾਂ ਦੀ ਜਿੱਤ ਹੋਵੇ ਉਹ ਫਿਰ ਉਨ੍ਹਾਂ ਦੇ ਜਿਉਂਦੇ ਜੀਅ ਹੋਵੇ ਜਾਂ ਫਿਰ ਸ਼ਹਾਦਤ ਤੋਂ ਬਾਅਦ ਇਹ ਸਮਾਂ ਤੈਅ ਕਰੇਗਾ। ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਸੰਘਰਸ਼ੀ ਸਾਥੀਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀ ਸ਼ਹਾਦਤ ਹੋ ਜਾਦੀ ਹੈ ਤਾਂ ਉਦੋਂ ਤੱਕ ਉਨ੍ਹਾਂ ਦਾ ਸਸਕਾਰ ਨਾ ਕੀਤਾ ਜਾਵੇ ਜਿੰਨਾ ਚਿਰ ਕਿਸਾਨਾਂ ਨੂੰ ਸਾਰੀਆਂ ਫਸਲਾਂ ਦੇ ਐਮਐਸਪੀ 'ਤੇ ਖਰੀਦਣ ਸਬੰਧੀ ਗਰੰਟੀ ਦਾ ਕਾਨੂੰਨ ਨਹੀਂ ਬਣਦਾ ਅਤੇ ਲਾਗੂ ਨਹੀਂ ਹੋ ਜਾਂਦਾ।

ਬੇਹੱਦ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਕਿਸਾਨ ਨੇਤਾ ਡੱਲੇਵਾਲ (FACEBOOK)

ਕਿਸਾਨਾਂ ਦੀਆਂ ਮੁੱਖ ਮੰਗਾਂ


1. ਸਾਰੀਆਂ ਫ਼ਸਲਾਂ ਦੀ ਖਰੀਦ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ, ਸਾਰੀਆਂ ਫ਼ਸਲਾਂ ਦੇ ਮੁੱਲ ਸਵਾਮੀਨਾਥਨ ਕਮਿਸ਼ਨ ਦੀਆਂ ਹਦਾਇਤਾਂ ਵਿੱਚ ਦਰਸਾਏ ਗਏ ਤਰੀਕੇ ਨਾਲ ਤੈਅ ਕੀਤੇ ਜਾਣ। ਇਸ ਤੋਂ ਇਲਾਵਾ ਗੰਨੇ ਦਾ ਐੱਫ਼ਆਰਪੀ ਤੇ ਐੱਸਏਪੀ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਿਕ ਦਿੱਤਾ ਜਾਵੇ। ਹਲਦੀ ਸਣੇ ਸਾਰੇ ਮਸਾਲਿਆਂ ਦੀ ਖਰੀਦ ਲਈ ਕੌਮੀ ਕਮਿਸ਼ਨ ਬਣਾਇਆ ਜਾਵੇ।

2. ਕਿਸਾਨਾਂ ਅਤੇ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ।

3. ਪਿਛਲੇ ਦਿੱਲੀ ਅੰਦੋਲਨ ਦੀਆਂ ਅਧੂਰੀਆਂ ਰਹਿੰਦੀਆਂ ਮੰਗਾਂ ਜਿਵੇਂ ਲਖੀਮਪੁਰ ਖੀਰੀ ਕਾਂਡ ਲਈ ਇਨਸਾਫ਼, ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ, ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕੀਤੀ ਜਾਵੇ, ਹੋਏ ਸਮਝੌਤੇ ਤਹਿਤ ਇਸ ਘਟਨਾ ਵਿੱਚ ਜਖ਼ਮੀ ਹੋਣ ਵਾਲਿਆਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।

4. ਦਿੱਲੀ ਮੋਰਚੇ ਸਣੇ ਦੇਸ਼ ਭਰ ਦੇ ਸਾਰੇ ਅੰਦੋਲਨਾਂ ਦੌਰਾਨ ਪਾਏ ਗਏ ਹਰ ਇਸ ਕੇਸ ਨੂੰ ਰੱਦ ਕੀਤਾ ਜਾਵੇ, ਅੰਦੋਲਨਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ।

5. ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਕੀਤਾ ਜਾਵੇ।

6. ਭਾਰਤ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਵੇ, ਵਿਦੇਸ਼ਾਂ ਤੋਂ ਖੇਤੀ ਜਿਣਸਾਂ, ਦੁੱਧ ਉਤਪਾਦ, ਫ਼ਲ ਸਬਜ਼ੀਆਂ ਅਤੇ ਮੀਟ ਉੱਪਰ ਆਯਾਤ ਡਿਊਟੀ ਘੱਟ ਕਰਨ ਦੀ ਬਜਾਏ ਵਧਾਈ ਜਾਵੇ ਅਤੇ ਭਾਰਤ ਦੇ ਕਿਸਾਨਾਂ ਦੀਆਂ ਫ਼ਸਲਾਂ ਦੀ ਪਹਿਲ ਦੇ ਆਧਾਰ 'ਤੇ ਖ਼ਰੀਦ ਕੀਤੀ ਜਾਵੇ।

7. 58 ਸਾਲ ਤੋਂ ਵੱਧ ਉਮਰ ਦੇ ਕਿਸਾਨ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ ਯੋਜਨਾ ਲਾਗੂ ਕਰਕੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ।

8. ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿੱਚ ਸੁਧਾਰ ਕਰਕੇ ਬੀਮਾ ਪ੍ਰੀਮੀਅਮ ਸਰਕਾਰਾਂ ਆਪ ਅਦਾ ਕਰਨ ਅਤੇ ਸਾਰੀਆਂ ਫ਼ਸਲਾਂ ਨੂੰ ਯੋਜਨਾ ਦਾ ਹਿੱਸਾ ਬਣਾਇਆ ਜਾਵੇ।

9. ਜ਼ਮੀਨ ਐਕਵਾਇਰ ਕਰਨ ਸਬੰਧੀ 2013 ਦੇ ਐਕਟ ਨੂੰ ਉਸੇ ਰੂਪ ਵਿੱਚ ਲਾਗੂ ਕੀਤਾ ਜਾਵੇ ਅਤੇ ਕੇਂਦਰ ਵੱਲੋਂ ਸੂਬਿਆਂ ਨੂੰ ਜਮ਼ੀਨ ਐਕਵਾਇਰ ਸਬੰਧੀ ਦਿੱਤੇ ਨਿਰਦੇਸ਼ ਰੱਦ ਕੀਤੇ ਜਾਣ।

10. ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ, ਮਿਹਨਤਾਨੇ ਵਿੱਚ ਵਾਧਾ ਕਰਕੇ 700 ਰੁਪਏ ਪ੍ਰਤੀ ਦਿਨ ਕੀਤਾ ਜਾਵੇ ਅਤੇ ਖੇਤੀ ਨੂੰ ਵੀ ਇਸ ਧੰਦੇ ਵਿੱਚ ਸ਼ਾਮਲ ਕੀਤਾ ਜਾਵੇ।

11. ਨਰਮੇ ਸਣੇ ਸਾਰੀਆਂ ਫ਼ਸਲਾਂ ਦੇ ਬੀਜ਼ਾਂ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾਵੇ। ਕੀਟਨਾਸ਼ਕ, ਬੀਜ ਅਤੇ ਖਾਦ ਐਕਟ ਵਿੱਚ ਸੋਧ ਕਰਕੇ ਨਕਲੀ ਅਤੇ ਹੇਠਲੇ ਪੱਧਰ ਦੇ ਉਤਪਾਦ ਬਣਾਉਣ 'ਤੇ ਵੇਚਣ ਵਾਲੀਆਂ ਕੰਪਨੀਆਂ ਉੱਤੇ ਮਿਸਾਲੀ ਜੁਰਮਾਨੇ ਲਾਏ ਜਾਣ ਅਤੇ ਲਾਇਸੈਂਸ ਰੱਦ ਕੀਤੇ ਜਾਣ।

Last Updated : Jan 2, 2025, 6:08 PM IST

ABOUT THE AUTHOR

...view details