ਚੰਡੀਗੜ੍ਹ:ਪੰਜਾਬ,ਹਰਿਆਣਾ ਤੇ ਚੰਡੀਗੜ੍ਹ ਵਿੱਚ ਠੰਢ ਦਾ ਕਹਿਰ ਜਾਰੀ ਹੈ। ਫਿਲਹਾਲ ਕੁਝ ਦਿਨਾਂ ਤੱਕ ਠੰਡ ਤੋਂ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 2-4 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਵਾਲੀ ਹੈ। ਉਸ ਤੋਂ ਬਾਅਦ ਸੂਬੇ 'ਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ।
ਸੰਘਣੀ ਧੁੰਦ ਦਾ ਅਲਰਟ: ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਧੁੰਦ ਦਾ ਯੈਲੋ ਅਲਰਟ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ ਅਤੇ ਮਾਨਸਾ ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿੱਚ ਵੀ ਸਵੇਰੇ ਧੁੰਦ ਅਤੇ ਬਾਅਦ ਵਿੱਚ ਹਲਕੇ ਬੱਦਲ ਛਾਏ ਰਹਿਣਗੇ।
ਹਰਿਆਣਾ ਵਿੱਚ ਯੈਲੋ ਅਲਰਟ: ਮੌਸਮ ਵਿਭਾਗ ਨੇ ਅੱਜ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਹਰਿਆਣਾ ਦੇ ਕੈਥਲ, ਕਰਨਾਲ ਅਤੇ ਕੁਰੂਕਸ਼ੇਤਰ ਵਿੱਚ ਗਰਜ ਦੇ ਨਾਲ-ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਨ੍ਹਾਂ ਇਲਾਕਿਆਂ 'ਚ 40-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅਚਾਨਕ ਤੇਜ਼ ਹਵਾਵਾਂ ਅਤੇ ਤੂਫਾਨ ਆਉਣ ਦੀ ਸੰਭਾਵਨਾ ਹੈ।
ਹਿਮਾਚਲ 'ਚ ਬਰਫਬਾਰੀ ਦੀ ਸੰਭਾਵਨਾ:ਸੋਮਵਾਰ ਨੂੰ ਵੀ ਹਿਮਾਚਲ 'ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਸੈਰ-ਸਪਾਟਾ ਖੇਤਰਾਂ ਵਿੱਚ ਹੋਟਲ ਮਾਲਕਾਂ ਨੂੰ ਸੈਲਾਨੀਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ। ਹਿਮਾਚਲ ਵਿੱਚ ਮੰਡੀ ਦੇ ਜੋਗਿੰਦਰ ਨਗਰ ਵਿੱਚ 13 ਐਮਐਮ, ਸ਼ਿਮਲਾ ਦੇ ਰੋਹੜੂ ਵਿੱਚ 10 ਐਮਐਮ, ਮੰਡੀ ਦੇ ਗੋਹਰ ਵਿੱਚ 9 ਐਮਐਮ, ਜੁਬਰਹਾਟੀ ਵਿੱਚ 8.4 ਐਮਐਮ, ਸ਼ਿਮਲਾ ਦੇ ਸਰਹਾਨ ਵਿੱਚ 6.6 ਐਮਐਮ ਅਤੇ ਹਮੀਰਪੁਰ ਦੇ ਸੁਜਾਨਪੁਰ ਤੀਰਾ ਵਿੱਚ 6.5 ਐਮਐਮ ਮੀਂਹ ਪਿਆ। ਜਦੋਂ ਕਿ ਪਾਲਮਪੁਰ (ਕਾਂਗਰਾ), ਸਿਓਬਾਗ ਅਤੇ ਕੁੱਲੂ ਵਿੱਚ 6.2 ਮਿਲੀਮੀਟਰ ਅਤੇ ਸ਼ਿਮਲਾ ਵਿੱਚ 5 ਮਿਲੀਮੀਟਰ ਬਰਫ਼ਬਾਰੀ ਹੋਈ ਹੈ।
ਪੰਜਾਬ, ਹਰਿਆਣਾ ਵਿੱਚ ਭਾਰੀ ਮੀਂਹ:ਐਤਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ ਸੀਜ਼ਨ ਦੇ ਔਸਤ ਤੋਂ ਉੱਪਰ ਰਿਹਾ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ, ਮੋਹਾਲੀ, ਹਿਸਾਰ, ਅੰਬਾਲਾ, ਲੁਧਿਆਣਾ ਅਤੇ ਪਟਿਆਲਾ ਸਮੇਤ ਕਈ ਇਲਾਕਿਆਂ 'ਚ ਮੀਂਹ ਪਿਆ। ਪੰਜਾਬ ਦੇ ਹੋਰ ਹਿੱਸਿਆਂ ਵਿੱਚ, ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਹੈ, ਜਦੋਂ ਕਿ ਲੁਧਿਆਣਾ ਅਤੇ ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 11.1 ਅਤੇ 11.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਹੈ।