ਚੰਡੀਗੜ੍ਹ :ਨਸ਼ੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੀ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਿਲ ਕੀਤੀ ਹੈ । ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀ ਨੇ ਮਿਲ ਕੇ ਜਰਮਨੀ ਵਿੱਚ 487 ਕਿਲੋਗ੍ਰਾਮ ਕੋਕੀਨ ਤਸਕਰੀ ਮਾਮਲੇ (2020) ਦੇ ਕਿੰਗ ਪਿੰਨ ਸਿਮਰਨਜੋਤ ਸੰਧੂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਦਿੱਤੀ ਹੈ।
ਡਰੱਗ ਸਮੱਗਲਰਾਂ 'ਚ ਵੱਡਾ ਨਾਮ : ਦੱਸਣਯੋਗ ਹੈ ਕਿ ਸਿਮਰਨਜੋਤ ਸਿੰਘ ਸੰਧੂ ਅੰਤਰਰਾਸ਼ਟਰੀ ਡਰੱਗ ਕਾਰਟੇਲ ਦਾ ਮੁੱਖ ਸਰਗਨਾ ਮੰਨਿਆ ਜਾਂਦਾ ਹੈ ਅਤੇ ਜਰਮਨੀ ਵਿੱਚ ਨਸ਼ੇ ਨਾਲ ਜੁੜੇ ਅਪਰਾਧਾਂ ਲਈ ਲੋੜੀਂਦਾ ਹੈ। ਸੰਧੂ ਦੀ ਅੰਤਰਰਾਸ਼ਟਰੀ ਸਬੰਧਾਂ ਨਾਲ ਭਾਰਤ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਨਸ਼ਿਆਂ ਦੀ ਤਸਕਰੀ ਵਿੱਚ ਵੱਡੀ ਭੂਮਿਕਾ ਹੈ। ਜਾਣਕਾਰੀ ਅਨੁਸਾਰ ਉਹ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਦੀ ਮਦਦ ਨਾਲ ਜਰਮਨੀ ਤੋਂ ਭਾਰਤ ਆਇਆ ਸੀ ਪਰ ਸੁਰੱਖਿਆ ਏਜੰਸੀਆਂ ਨੇ ਉਸ ਨੂੰ ਫੜ ਕੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਕੋਲ ਜਰਮਨ ਪਾਸਪੋਰਟ ਵੀ ਹੈ।