ਇਸ ਪਿੰਡ 'ਚ ਸਵੇਰ ਤੋਂ ਕਿਸੇ ਵੋਟਰ ਨੇ ਨਹੀਂ ਪਾਈ ਵੋਟ (Etv Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ:ਇੱਥੋ ਦੇ ਪਿੰਡ ਭੂੰਦੜੀ ਅਜਿਹਾ ਪਿੰਡ ਬਣਿਆ ਹੈ ਜਿਸ ਨੇ ਚੋਣਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰ ਦਿੱਤਾ ਹੈ। ਪਿੰਡ ਚੋਂ ਕਿਸੇ ਇੱਕ ਵੀ ਸ਼ਖਸ ਨੇ ਅੱਜ ਸਵੇਰ ਤੋਂ ਇੱਕ ਵੀ ਵੋਟ ਨਹੀਂ ਪਾਈ ਜਿਸ ਦਾ ਕਾਰਨ ਪਿੰਡ ਦੇ ਨੇੜੇ ਲੱਗਣ ਵਾਲੀ ਗੈਸ ਫੈਕਟਰੀ ਹੈ। ਇਸ ਦਾ ਪਿੰਡ ਦੇ ਲੋਕ ਪਿਛਲੇ ਢਾਈ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ, ਪਰ ਕੋਈ ਵੀ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ।
ਪੋਲਿੰਗ ਸਟੇਸ਼ਨ ਖਾਲੀ, ਨਹੀਂ ਪਹੁੰਚੇ ਵੋਟਰ : ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬੀਤੇ ਦਿਨ ਏਡੀਸੀ ਨੇ ਕਿਹਾ ਸੀ ਕਿ ਤੁਸੀਂ ਜੇਕਰ ਵੋਟ ਨਹੀਂ ਪਾਣੀ, ਤਾਂ ਨੋਟਾਂ ਦਾ ਬਟਨ ਦਬਾ ਸਕਦੇ ਹੋ, ਪਰ ਉਨ੍ਹਾਂ ਨੇ ਕਿਹਾ ਕਿ ਅਸੀਂ ਉਸ ਤੋਂ ਵੀ ਇਨਕਾਰ ਕਰ ਦਿੱਤਾ ਹੈ। ਪਿੰਡ ਵਿੱਚ ਅੱਜ ਸਵੇਰ ਤੋਂ ਛਬੀਲ ਚੱਲ ਰਹੀ ਹੈ, ਪਰ ਕੋਈ ਵੀ ਵੋਟ ਪਾਉਣ ਨਹੀਂ ਗਿਆ, ਨਾ ਕੋਈ ਮਰਦ ਅਤੇ ਨਾ ਹੀ ਕੋਈ ਮਹਿਲਾ। ਪਿੰਡ ਨੇ ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਹੈ।
'ਰਾਤ ਤੋਂ ਇੱਥੇ, ਪਰ ਪੋਲਿੰਗ 'ਚ ਇੱਕ ਵੀ ਵੋਟਰ ਨਹੀਂ': ਪਿੰਡ ਦੇ ਸਰਕਾਰੀ ਸਕੂਲ ਦਾ ਜਦੋਂ ਸਾਡੀ ਟੀਮ ਈਟੀਵੀ ਭਾਰਤ ਨੇ ਜਾਇਜ਼ਾ ਲਿਆ, ਤਾਂ ਉੱਥੇ ਤੈਨਾਤ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਤਾਂ ਕੱਲ ਰਾਤ ਤੋਂ ਤੈਨਾਤ ਹਾਂ, ਪਰ ਪਿੰਡ ਵਿੱਚੋਂ ਕਿਸੇ ਇੱਕ ਵੀ ਸ਼ਖਸ ਨੇ ਅੱਜ ਵੋਟ ਨਹੀਂ ਪਾਈ। ਪੂਰੇ ਪਿੰਡ ਨੇ ਬਾਈਕਾਟ ਕਰ ਦਿੱਤਾ ਹੈ। ਉੱਥੇ ਹੀ ਆਸ਼ਾ ਵਰਕਰਾਂ ਨੇ ਵੀ ਕਿਹਾ ਕਿ ਪਿੰਡ ਵਿੱਚੋਂ ਕੋਈ ਵੀ ਅੱਜ ਵੋਟ ਪਾਉਣ ਨਹੀਂ ਆਇਆ, ਇਨ੍ਹਾਂ ਦੇ ਪਿੰਡ ਦਾ ਕੋਈ ਆਪਣਾ ਮਸਲਾ ਹੈ।
ਅਜਨਾਲਾ ਦੇ ਪਿੰਡ ਵਿੱਚ ਵੀ ਬਾਇਕਾਟ: ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਲੱਖੋਵਾਲ ਵਿੱਚ ਅਣਪਛਾਤੇ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਵੱਲੋਂ ਪਿੰਡ ਵਿੱਚ ਗੋਲੀਆਂ ਚਲਾ ਕੇ ਦੀਪਇੰਦਰ ਨਾਮਕ ਸਿੰਘ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਇਸੇ ਦੌਰਾਨ 4 ਲੋਕ ਜ਼ਖਮੀ ਵੀ ਹੋਏ ਜਿਸ ਦੇ ਰੋਸ ਵੱਜੋਂ ਪੂਰੇ ਪਿੰਡ ਨੇ ਵੋਟਾਂ ਦਾ ਬਾਈਕਾਟ ਕਰ ਦਿੱਤਾ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਗੁਰਦੁਆਰਿਆਂ ਵਿੱਚ ਅਨਾਉਂਸਮੈਂਟ ਵੀ ਕਰਵਾਈ ਗਈ ਹੈ ਕਿ ਪਿੰਡ ਵਿੱਚੋਂ ਕੋਈ ਵੀ ਵਿਅਕਤੀ ਅੱਜ ਵੋਟ ਨਹੀਂ ਪਾਏਗਾ ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਨੂੰ ਲੈ ਕੇ ਸਕੂਲ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਸਵੇਰ ਤੋਂ ਕਿਸੇ ਵੀ ਵੋਟਰ ਵੱਲੋਂ ਆਪਣੀ ਵੋਟ ਨਹੀਂ ਪਾਈ ਗਈ।